ਦਰਸ਼ਨ ਸਿੰਘ ਸੋਢੀ
ਮੁਹਾਲੀ, 22 ਜੂਨ
ਪੰਜਾਬ ਸਰਕਾਰ ਨੇ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਸ ‘ਬੀ’ ਦੀ ਮੁਫ਼ਤ ਟੈਸਟਿੰਗ ਤੇ ਇਲਾਜ਼ ਸ਼ੁਰੂ ਕੀਤੀ ਗਈ ਹੈ। ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਖੇ ਸਰਕਾਰ ਦੀ ਇਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏਆਰਟੀ), ਓਰਲ ਸਬਸਟੀਚਿਊਸ਼ਨ ਥੈਰੇਪੀ (ਓਐਸਟੀ) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕਰੀਨਿੰਗ ਟੈੱਸਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟਰੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੇ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲ ਇਕ ਲੈਬਾਰਟਰੀ ਟੈਕਨੀਸ਼ੀਅਨ ਪ੍ਰਦਾਨ ਕੀਤੀ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ ਦੇ ਹੈਪੇਟਾਈਟਸ ਬੀ ਦੇ ਨਮੂਨੇ ਮੁਫ਼ਤ ਲਏ ਜਾਣਗੇ ਜਦੋਂ ਕਿ ਸਰਕਾਰ ਵੱਲੋਂ ਟੈੱਸਟ ਦੀ ਲਾਗਤ 851 ਰੁਪਏ ਦੀ ਦਰ ਨਾਲ ਲੈਬ ਨੂੰ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਹੈਪੇਟਾਈਟਸ ਬੀ ਦਾ ਇਲਾਜ ਲੰਮਾ ਅਤੇ ਮਹਿੰਗਾ ਹੈ ਪਰ ਸੂਬਾ ਸਰਕਾਰ ਸਬੰਧਤ ਲੋਕਾਂ ਨੂੰ ਦਵਾਈ ਮੁਫ਼ਤ ਪ੍ਰਦਾਨ ਕਰੇਗੀ। ਇੱਥੋਂ ਤੱਕ ਕਿ ਪੀਜੀਆਈ ਵਿੱਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜ਼ੇਟਿਵ ਪੰਜਾਬ ਦੇ ਮਰੀਜ਼ਾਂ ਨੂੰ ਵੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਸ ਸਬੰਧੀ ਪੀਜੀਆਈ ਵਿੱਚ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਲੋੜੀਂਦੀ ਦਵਾਈਆਂ ਦਾ ਭੰਡਾਰ ਸੌਂਪਿਆਂ ਗਿਆ ਹੈ। ਉਨ੍ਹਾਂ ਕਿਹਾ ਕਿ ਐੱਚਆਈਵੀ ਤੋਂ ਸੰਕਰਮਿਤ ਸਾਰੇ ਮਰੀਜ਼, ਓਐਸਟੀ ਸੈਂਟਰਾਂ ਵਿੱਚ ਇਲਾਜ ਅਧੀਨ ਵਿਅਕਤੀਆਂ ਅਤੇ ਸਾਰੀਆਂ ਗਰਭਵਤੀ ਔਰਤਾਂ ਨੂੰ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਟੈੱਸਟ ਮੁਫ਼ਤ ਕੀਤੇ ਜਾਣਗੇ। ਕਿਸੇ ਵੀ ਰੈਪਿਡ ਟੈੱਸਟ ਪਾਜ਼ੇਟਿਵ ਤੋਂ ਬਾਅਦ ਮੁਫ਼ਤ ਵਾਇਰਲ ਲੋਡ ਟੈੱਸਟ ਹੋਵੇਗਾ। ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦਾ ਇਲਾਜ ਕਰਨ ਵਾਲੇ ਪੰਜਾਬ ਦੇ ਸਾਰੇ ਮੈਡੀਕਲ ਮਾਹਰਾਂ ਅਤੇ ਡਾਕਟਰਾਂ ਨੂੰ ਡਾ. ਵਰਿੰਦਰ ਸਿੰਘ ਪ੍ਰੋਫੈਸਰ ਅਤੇ ਹੈਡ ਹੈਪੇਟੋਲੋਜੀ ਵਿਭਾਗ ਪੀਜੀਆਈ ਵੱਲੋਂ ਸਿਖਲਾਈ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਹੋਰ ਸਿਖਲਾਈ ਦਿੱਤੀ ਜਾਵੇਗੀ।
ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਬੈੱਡ ਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਹਸਪਤਾਲਾਂ ਵਿੱਚ ਪੀਐਸਏ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਅਤੇ ਚੁਨੌਤੀ ਦਾ ਸਾਹਮਣਾ ਕਰਨ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਨਿਰੰਤਰ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 620 ਨਵੇਂ ਮੈਡੀਕਲ ਅਫ਼ਸਰਾਂ ਦੀ ਭਰਤੀ ਪ੍ਰਗਤੀ ਅਧੀਨ ਹੈ। ਇਸ ਦੇ ਨਾਲ ਹੀ ਕੋਵਿਡ ਟੀਕਾਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 61 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਅਤੇ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਪੰਜ ਸਾਲ ਪਹਿਲਾਂ ਹੈਪੇਟਾਈਟਸ ਸੀ ਦਾ ਮੁਫ਼ਤ ਟੈੱਸਟ ਅਤੇ ਇਲਾਜ ਸ਼ੁਰੂ ਕੀਤਾ ਸੀ। ਹੈਪੇਟਾਈਟਸ ਸੀ ਦੇ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 66 ਕਰ ਦਿੱਤੀ ਗਈ ਹੈ।