ਪੱਤਰ ਪ੍ਰੇਰਕ
ਪਠਾਨਕੋਟ, 11 ਅਗਸਤ
ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਏ ਫ਼ੌਜ ਦੇ ਧਰੁਵ ਹੈਲੀਕਾਪਟਰ ਦੇ ਨਾਲ ਲਾਪਤਾ ਦੋ ਪਾਇਲਟਾਂ ਦਾ ਸੁਰਾਗ ਨੌਂਵੇਂ ਦਿਨ ਵੀ ਨਹੀਂ ਲੱਗਾ ਹੈ। ਫ਼ੌਜ ਦੇ ਪੀਆਰਓ ਨੇ ਅਧਿਕਾਰਤ ਤੌਰ ’ਤੇ ਮੰਨਿਆ ਕਿ ਹਾਦਸੇ ਦੀ ਜਗ੍ਹਾ 500 ਫੁੱਟ ਤੱਕ ਡੂੰਘੀ ਅਤੇ ਹੇਠਾਂ ਪਾਣੀ ਵਿੱਚ ਕੁੱਝ ਦਿਖਾਈ ਨਾ ਦੇਣ ਕਾਰਨ ਪਾਇਲਟਾਂ ਨੂੰ ਹਾਲੇ ਤੱਕ ਨਹੀਂ ਲੱਭਿਆ ਜਾ ਸਕਿਆ। ਇਸ ਸਮੇਂ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਦੀ ਸਾਂਝੀ ਟੀਮ ਲਈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਪਰੇਸ਼ਨ ਬਣ ਗਿਆ ਹੈ। ਇੱਥੇ 9ਵੇਂ ਦਿਨ ਵੀ ਜਾਰੀ ਅਪਰੇਸ਼ਨ ਦੌਰਾਨ ਹਾਲੇ ਤੱਕ ਨਾ ਤਾਂ ਹੈਲੀਕਾਪਟਰ ਦਾ ਮੁੱਖ ਹਿੱਸਾ ਮਿਲਿਆ ਹੈ ਅਤੇ ਨਾ ਹੀ ਲਾਪਤਾ ਹੋਏ ਦੋਵਾਂ ਪਾਇਲਟਾਂ ਲੈਫਟੀਨੈਂਟ ਕਰਨਲ ਏ ਐੱਸ ਬਾਠ ਅਤੇ ਕੈਪਟਨ ਜੈਯੰਤ ਜੋਸ਼ੀ ਦਾ। ਫ਼ੌਜ ਦੇ ਪੀਆਰਓ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਅਪਰੇਸ਼ਨ ਵਿੱਚ ਤਿੰਨਾਂ ਫ਼ੌਜਾਂ ਦੇ 4 ਅਧਿਕਾਰੀ, 5 ਜੇਸੀਓ ਅਤੇ ਹੋਰ ਰੈਂਕਾਂ ਦੇ 48 ਜਵਾਨ ਅਤੇ ਗੋਤਾਖੋਰ ਲੱਗੇ ਹੋਏ ਹਨ।