ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਅਚਾਨਕ ਪਟਿਆਲਾ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ।
ਇਸ ਦੌਰਾਨ ਰਾਜਿੰਦਰਾ ਹਸਪਤਾਲ ’ਚ ਸਾਫ਼-ਸਫਾਈ ਦੇ ਮਾੜੇ ਪ੍ਰਬੰਧਾਂ ਦਾ ਨੋਟਿਸ ਲੈਂਦਿਆਂ ਸਿਹਤ ਮੰਤਰੀ ਨੇ ਮੌਕੇ ’ਤੇ ਹਸਪਤਾਲ ਅਧਿਕਾਰੀਆਂ ਦੀ ਝਾੜ ਝੰਬ ਕੀਤੀ। ਉਨ੍ਹਾਂ ਕਿਹਾ ਕਿ ਬਹੁਤੇ ਕੰਮ ਅਜਿਹੇ ਹਨ ਜੋ ਅਧਿਕਾਰੀਆਂ ਨੇ ਖੁਦ ਨਹੀਂ ਕਰਨੇ, ਬਲਕਿ ਕਰਵਾਉਣੇ ਹੁੰਦੇ ਹਨ ਪਰ ਜੇਕਰ ਉਹ ਕਹਿ ਕੇ ਵੀ ਕੰਮ ਨਹੀਂ ਕਰਵਾ ਸਕਦੇ ਤਾਂ ਇਹ ਮੰਦਭਾਗਾ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਕੁਝ ਅਧਿਕਾਰੀਆਂ ਨੇ ਸਾਫ-ਸਫ਼ਾਈ ਹੋਣ ਦੀ ਗੱਲ ਆਖੀ ਤਾਂ ਮੰਤਰੀ ਨੇ ਅਧਿਕਾਰੀਆਂ ਨੂੰ ਖਿੱਲਰਿਆ ਕੂੜਾ ਤੇ ਪਖਾਨਿਆਂ ਦੇ ਸਫ਼ਾਈ ਪ੍ਰਬੰਧ ਦਿਖਾਏ, ਜਿਨ੍ਹਾਂ ਦੀ ਹਾਲਤ ਕਾਫ਼ੀ ਮਾੜੀ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨਾਲ ਸਬੰਧਤ ਪੰਜਾਬ ਭਰ ਦੇ ਅਧਿਕਾਰੀਆਂ ਨੂੰ ਹਸਪਤਾਲਾਂ ’ਚ ਸਾਫ਼ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਸਾਰੇ ਹਸਪਤਾਲਾਂ ’ਚ ਖੁਦ ਜਾ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਇਸ ਮਗਰੋਂ ਉਨ੍ਹਾਂ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦਾ ਦੌਰਾ ਵੀ ਕੀਤਾ, ਜਿੱਥੇ 19 ਦੇ ਕਰੀਬ ਅਧਿਕਾਰੀ ਤੇ ਮੁਲਾਜ਼ਮ ਗੈਰਹਾਜ਼ਰ ਮਿਲੇ ਹਨ। ਇੱਥੇ ਉਨ੍ਹਾਂ ਨਾ ਸਿਰਫ਼ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕੀਤੀ, ਬਲਕਿ ਹਾਜ਼ਰੀ ਰਜਿਸਟਰ ਦੀ ਤਸਵੀਰ ਵੀ ਖਿੱਚ ਕੇ ਲੈ ਗਏ। ਉਨ੍ਹਾਂ ਡਿਊਟੀ ’ਤੇ ਦੇਰੀ ਨਾਲ ਆਉਣ ਵਾਲਿਆਂ ਨੂੰ ਸਮੇਂ ਦੇ ਪਾਬੰਦ ਹੋਣ ਦੀ ਤਾਕੀਦ ਕੀਤੀ। ਮੰਤਰੀ ਨੇ ਕਿਹਾ ਕਿ ਜਿੱਥੇ ਸੁਚੱਜਾ ਕੰਮ ਕਰਨ ਵਾਲੇ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾਵੇਗਾ, ਉੱਥੇ ਹੀ ਉਣਤਾਈਆਂ ਦੀ ਸੂਰਤ ’ਚ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਆਪ’ ਦੇ ਤੇਜਿੰਦਰ ਮਹਿਤਾ, ਕੁੰਦਨ ਗੋਗੀਆ ਤੇ ਰਣਜੋਧ ਹੜਾਣਾ ਮੌਜੂਦ ਸਨ।