ਚੰਡੀਗੜ੍ਹ, 16 ਮਈ
ਸੈਲੂਲਰ ਅਪਰੇਟਰ ਐਸੋਸੀਏਸ਼ਨ ਆਫ਼ ਇੰਡੀਆ (ਸੀਓਏਆਈ) ਨੇ ਕਿਹਾ ਕਿ ਉਸ ਨੇ ਹਰਿਆਣਾ ਸਰਕਾਰ ਨੂੰ ਅਜਿਹੀਆਂ ਅਫ਼ਵਾਹਾਂ ਰੋਕਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੋਨਾ ਮਹਾਮਾਰੀ ਫੈਲਣ ਲਈ 5ਜੀ ਨੈੱਟਵਰਕ ਟੈਸਟਿੰਗ ਜ਼ਿੰਮੇਵਾਰ ਹੈ। ਟੈਲੀਕਾਮ ਅਪਰੇਟਰਾਂ ਵੱਲੋਂ ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੂੰ ਇੱਕ ਪੱਤਰ ’ਚ ਕਿਹਾ ਗਿਆ ਕਿ ਕੁਝ ਸ਼ਰਾਰਤੀ ਅਨਸਰ ਇਹ ਅਫਵਾਹਾਂ ਫੈਲਾਅ ਰਹੇ ਹਨ ਕਿ ਕੋਵਿਡ-19 ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੌਤਾਂ ਦਾ ਕਾਰਨ 5ਜੀ ਟੈਸਟਿੰਗ ਹੈ, ਕਰੋਨਵਾਇਰਸ ਨਹੀਂ। ਸੀਓਏਆਈ ਨੇ ਇੱਥੇ ਇੱਕ ਬਿਆਨ ’ਚ ਕਿਹਾ ਕਿ ਇਹ ਅਫ਼ਵਾਹਾਂ ਅਜਿਹੇ ਸਮੇਂ ਫੈਲਾਈਆਂ ਜਾ ਰਹੀਆਂ ਹਨ ਜਦੋਂ ਹਾਲੇ ਦੇਸ਼ ’ਚ 5ਜੀ ਟੈਸਟਿੰਗ ਸ਼ੁਰੂ ਵੀ ਨਹੀਂ ਹੋਈ ਅਤੇ ਸਰਕਾਰ ਵੱਲੋਂ ਹਾਲੇ ਸਿਰਫ਼ 5ਜੀ ਟੈਸਟਿੰਗ ਦੀ ਪ੍ਰਵਾਨਗੀ ਹੀ ਦਿੱਤੀ ਗਈ ਹੈ। ਐਸੋਸੀਏਸ਼ਨ ਨੇ ਕਿਹਾ ਕਿ ਟੈਲੀਕਾਮ ਅਪਰੇਟਰਾਂ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ 5ਜੀ ਟੈਸਟਿੰਗ ਵਾਲੇ ਸਥਾਨਾਂ ਦੀ ਸੂਚੀ ਵਿਚੋਂ ਬਾਹਰ ਰੱਖਿਆ ਹੋਇਆ ਹੈ। -ਏਜੰਸੀ