ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜਨਵਰੀ
ਮੋਗਾ ਸ਼ਹਿਰੀ ਹਲਕੇ ਤੋਂ ਮਾਲਵਿਕਾ ਸੂਦ ਸੱਚਰ ਨੂੰ ਕਾਂਗਰਸ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਭਾਜਪਾ ਵਿੱਚ ਸ਼ਾਮਲ ਹੋਏ ਹਾਕਮ ਧਿਰ ਦੇ ਬਾਗੀ ਵਿਧਾਇਕ ਡਾ. ਹਰਜੋਤ ਕਮਲ ਨੂੰ ਕੌਂਸਲਰਾਂ ਨੇ ਝਟਕਾ ਦਿੰਦਿਆਂ ਮਾਲਵਿਕਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ ਹੈ।
ਹਾਕਮ ਧਿਰ ਦੇ ਬਾਗੀ ਵਿਧਾਇਕ ਡਾ. ਹਰਜੋਤ ਕਮਲ ਜਿਨ੍ਹਾਂ ਕੌਂਸਲਰਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਕਰਦੇ ਸਨ, ਉਹ ਸਾਰੇ ਮਾਲਵਿਕਾ ਸੂਦ ਨਾਲ ਜਾ ਖੜ੍ਹੇ ਹਨ। ਇਥੇ ਇਕ ਮਹਿੰਗੇ ਕਲੱਬ ਵਿੱਚ ਮਾਲਵਿਕਾ ਨੇ ਕੌਂਸਲਰਾਂ ਦੀ ਮੀਟਿੰਗ ਰੱਖੀ, ਜਿਸ ਵਿੱਚ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ ਸਮੇਤ ਕਰੀਬ 25 ਕੌਂਸਲਰਾਂ ਨੇ ਸ਼ਿਰਕਤ ਕੀਤੀ। ਇਸੇ ਦੌਰਾਨ ਬਾਗੀ ਵਿਧਾਇਕ ਡਾ. ਹਰਜੋਤ ਕਮਲ ਵੀ ਕਲੱਬ ਪੁੱਜੇ।
ਉਨ੍ਹਾਂ ਕੌਂਸਲਰਾਂ ’ਤੇ ਨਾਲ ਜਾਣ ਲਈ ਦਬਾਅ ਪਾਇਆ ਪਰ ਸਿਰਫ਼ ਮੇਅਰ ਨੀਤਿਕਾ ਭੱਲਾ ਅਤੇ ਇੱਕ ਕੌਂਸਲਰ ਨੂੰ ਆਪਣੇ ਨਾਲ ਲਿਜਾਣ ਵਿੱਚ ਸਫ਼ਲ ਹੋ ਸਕੇ। ਬਾਕੀ ਕੌਂਸਲਰਾਂ ਨੇ ਮਾਲਵਿਕਾ ਦਾ ਸਾਥ ਦੇਣ ਦਾ ਐਲਾਨ ਕੀਤਾ।
ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਸੋਸ਼ਲ ਮੀਡੀਆ ’ਤੇ ਕਰੀਬ 24 ਕੌਂਸਲਰਾਂ ਦੇ ਸਮਰਥਨ ਦਾ ਦਾਅਵਾ ਕਰਦਿਆਂ ਆਖਿਆ ਕਿ ਪਰਿਵਾਰ ਮਜ਼ਬੂਤ ਹੋਇਆ ਹੈ ਅਤੇ ਉਹ ਭਵਿੱਖ ਦੇ ਵਿਕਾਸ ਲਈ ਰਲ ਕੇ ਕੰਮ ਕਰਨਗੇ। ਡਾ. ਹਰਜੋਤ ਵੱਲੋਂ ਮਾਲਵਿਕਾ ਨੂੰ ਟਿਕਟ ਦੇਣ ਦੇ ਵਿਰੋਧ ’ਚ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਦੇ ਪਹਿਲੇ ਦਿਨ ਤਾਂ ਵੱਡੀ ਗਿਣਤੀ ਵਿੱਚ ਕੌਂਸਲਰ, ਪੰਚ-ਸਰਪੰਚ ਅਤੇ ਬਲਾਕ ਸਮਿਤੀ ਮੈਂਬਰ ਪੁੱਜੇ ਪਰ ਉਸ ਮਗਰੋਂ ਕੁਨਬਾ ਖਿਲਰਨਾ ਸ਼ੁਰੂ ਹੋ ਗਿਆ ਹੈ। ਡਾ. ਹਰਜੋਤ ਕਮਲ ਨੇ ਆਖਿਆ ਕਿ ਕਾਂਗਰਸ ਪਾਰਟੀ ਜਿਨ੍ਹਾਂ ਸਿਧਾਂਤਾਂ ਲਈ ਬਣੀ ਸੀ, ਉਹ ਸਿਧਾਂਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦਾ ਕੋਈ ਕਾਡਰ ਨਹੀਂ ਰਿਹਾ, ਸਗੋਂ ਭਾਜਪਾ ਇੱਕ ਕੌਮੀ ਪਾਰਟੀ ਹੈ ਅਤੇ ਚੋਣ ਜਿੱਤਣ ਲਈ ਉਨ੍ਹਾਂ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ।