ਸੰਜੀਵ ਤੇਜਪਾਲ
ਮੋਰਿੰਡਾ, 11 ਜਨਵਰੀ
ਮੋਗਾ ਤੋਂ ਸਮਾਜ ਸੇਵੀ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦੀ ਦਾਅਵੇਦਾਰ ਬਣਾਏ ਜਾਣ ਦੇ ਖਦਸ਼ੇ ਕਾਰਨ ਨਾਰਾਜ਼ ਹਲਕਾ ਵਿਧਾਇਕ ਡਾ. ਹਰਜੋਤ ਕਮਲ ਅੱਜ ਆਪਣੇ ਸਮਰਥਕਾਂ ਸਣੇ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ ਮੁਲਾਕਾਤ ਲਈ ਮੋਰਿੰਡਾ ਸਥਿਤ ਰਿਹਾਇਸ਼ ’ਤੇ ਪੁੱਜੇ। ਉਨ੍ਹਾਂ ਨਾਲ ਮੋਗਾ ਦੇ ਮੇਅਰ, ਡਿਪਟੀ ਮੇਅਰ, ਕੌਂਸਲਰ ਅਤੇ ਪੰਚ-ਸਰਪੰਚ ਮੌਜੂਦ ਸਨ।
ਕਾਂਗਰਸੀ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਮੋਗਾ ਵਿਧਾਨ ਸਭਾ ਦੀ ਸੀਟ ਤੋਂ ਮਾਲਵਿਕਾ ਸੂਦ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਤਾਂ ਉਹ ਪਾਰਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਨਗੇ।
ਮੋਗਾ ਦੇ ਵਿਧਾਇਕ ਆਪਣੇ ਸਮਰਥਕਾਂ ਨਾਲ ਲਗਭਗ ਸਾਢੇ ਤਿੰਨ ਘੰਟੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰੁਕੇ ਰਹੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਵਿਧਾਇਕ ਡਾ. ਹਰਜੋਤ ਕਮਲ ਅਤੇ ਉਨ੍ਹਾਂ ਦੇ ਕੁੱਝ ਚੋਣਵੇਂ ਸਾਥੀਆਂ ਨੂੰ ਅੰਦਰ ਆਉਣ ਲਈ ਇਜਾਜ਼ਤ ਦਿੱਤੀ ਪਰ ਜਦੋਂ ਵਿਧਾਇਕ ਹਰਜੋਤ ਕਮਲ ਨੇ ਆਪਣੇ ਸਮਰਥਕਾਂ ਨਾਲ ਹੀ ਮੀਟਿੰਗ ਕਰਨ ਲਈ ਜ਼ੋਰ ਪਾਇਆ ਤਾਂ ਮੁੱਖ ਮੰਤਰੀ ਚੰਨੀ ਨੇ ਸਾਰੇ ਮੈਂਬਰਾਂ ਨੂੰ ਲਗਭਗ ਅੱਧੇ ਘੰਟੇ ਬਾਅਦ ਅੰਦਰ ਬੁਲਾ ਕੇ ਮੀਟਿੰਗ ਕੀਤੀ, ਜੋ ਕਿ ਲਗਭਗ ਤਿੰਨ ਘੰਟੇ ਤੱਕ ਚਲਦੀ ਰਹੀ। ਮੀਟਿੰਗ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਕੋਲ ਮੋਗਾ ਦੇ ਵਿਧਾਇਕ, ਮੇਅਰ, ਡਿਪਟੀ ਮੇਅਰ, ਕੌਂਸਲਰ ਅਤੇ ਪੰਚਾਇਤ ਮੈਂਬਰ ਆਏ ਸਨ। ਉਨ੍ਹਾਂ ਕਿਹਾ ਕਿ ਉਹ ਇਹ ਸਾਰਾ ਮਾਮਲਾ ਪਾਰਟੀ ਦੀ ਚੋਣ ਸਕਰੀਨਿੰਗ ਕਮੇਟੀ ਕੋਲ ਰੱਖਣਗੇ ਪਰ ਟਿਕਟਾਂ ਦੇਣ ਦਾ ਅੰਤਿਮ ਫ਼ੈਸਲਾ ਹਾਈਕਮਾਂਡ ਨੇ ਹੀ ਕਰਨਾ ਹੈ।