ਕੇ.ਪੀ ਸਿੰਘ
ਗੁਰਦਾਸਪੁਰ, 3 ਅਪਰੈਲ
ਇੱਥੇ ਪ੍ਰਾਈਵੇਟ ਸਕੂਲ ਵਿੱਚ ਬੀਤੇ ਦਿਨੀਂ ਚਾਰ ਸਾਲਾ ਬੱਚੀ ਨਾਲ ਕਥਿਤ ਹੋਏ ਜਬਰ-ਜਨਾਹ ਦੇ ਮੁਲਜ਼ਮ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਵੱਲੋਂ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਜ਼ਿਲ੍ਹੇ ਭਰ ਦੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੇ ਭਲਕੇ ਰੋਸ ਵਜੋਂ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਅੱਜ ਐੱਸਜੀਆਈ ਕੈਂਪਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਨਾਲ ਸਬੰਧਤ ਸੰਗਠਨਾਂ ਦੇ ਨੁਮਾਇੰਦੇ ਪੁੱਜੇ ਹੋਏ ਸਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਪੁਲੀਸ ਨੇ ਜਬਰ-ਜਨਾਹ ਮਾਮਲੇ ਵਿੱਚ ਅਸਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਸਵਿੰਦਰ ਸਿੰਘ ਗਿੱਲ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ।
ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਸੰਯੁਕਤ ਐਕਸ਼ਨ ਕਮੇਟੀ ਦੇ ਸਰਪ੍ਰਸਤ ਮਨਜੀਤ ਸਿੰਘ, ਅੰਸ਼ੂ ਕਟਾਰੀਆ, ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦੇ ਪ੍ਰਧਾਨ ਮੋਹਿਤ ਮਹਾਜਨ ਨੇ ਕਿਹਾ ਕਿ ਸਕੂਲ ਵਿਚੋਂ ਛੁੱਟੀ ਮਗਰੋਂ ਬੱਚੀ ਨੂੰ ਉਸ ਦੀ ਮਾਂ ਠੀਕ ਹਾਲਤ ਵਿਚ ਲੈ ਕੇ ਗਈ ਸੀ। ਇਸ ਦੇ ਕਾਫ਼ੀ ਦੇਰ ਬਾਅਦ ਜਬਰ-ਜਨਾਹ ਦਾ ਦੋਸ਼ ਲਾਇਆ ਗਿਆ।
ਇਸ ਸਬੰਧੀ ਮੋਹਿਤ ਮਹਾਜਨ ਅਤੇ ਅੰਸ਼ੂ ਕਟਾਰੀਆ ਨੇ ਕਿਹਾ ਪੁਲੀਸ ਨੇ ਹਾਈਵੇਅ ਤੋਂ ਪ੍ਰਦਰਸ਼ਨਕਾਰੀਆਂ ਦਾ ਧਰਨਾ ਚੁਕਵਾਉਣ ਦੇ ਦਬਾਅ ਹੇਠ ਆ ਕੇ ਸ੍ਰੀ ਗਿੱਲ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਗੁਰਦਾਸਪੁਰ ਤੋਂ ਇਲਾਵਾ ਪੂਰੇ ਪੰਜਾਬ ਅੰਦਰ ਬੰਦ ਦਾ ਸੱਦਾ ਦਿੱਤਾ ਜਾਵੇਗਾ। ਸ੍ਰੀ ਕਟਾਰੀਆ ਨੇ ਕਿਹਾ ਕਿ ਸੰਯੁਕਤ ਐਕਸ਼ਨ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ ਅਤੇ ਉਨ੍ਹਾਂ ਦੇ ਧਿਆਨ ਵਿੱਚ ਪੂਰਾ ਮਾਮਲਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਤੋਂ ਵੀ ਇਹੋ ਜਾਪਦਾ ਹੈ ਕਿ ਇਹ ਘਟਨਾ ਸਕੂਲ ਵਿੱਚ ਨਹੀਂ ਵਾਪਰੀ।
ਇਸ ਮੌਕੇ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟਸ, ਪਠਾਨਕੋਟ ਤੋਂ ਰਮਨ ਭੱਲਾ, ਨਰਸਿੰਗ ਐਸੋਸੀਏਸ਼ਨ ਤੋਂ ਗੁਰਦਿਆਲ ਸਿੰਘ, ਪੁੱਕਾ ਤੋਂ ਅਸ਼ਵਨੀ ਅਸ਼ੋਕ, ਜੀਐਨਡੀਯੂ ਬੀਐੱਡ ਕਾਲਜ ਐਸੋਸੀਏਸ਼ਨ ਤੋਂ ਸਤਵਿੰਦਰ ਸੰਧੂ, ਪੰਜਾਬ ਰਾਸਾ ਦੇ ਪ੍ਰਧਾਨ ਹਰਪਾਲ ਸਿੰਘ ਯੂਕੇ ਵੀ ਮੌਜੂਦ ਸਨ।