ਕੇਪੀ ਸਿੰਘ
ਗੁਰਦਾਸਪੁਰ, 20 ਫਰਵਰੀ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪਿੰਡ ਭੋਜ ਰਾਜ ਵਿੱਚ ਰਵਿਦਾਸ ਮੰਦਰ ਦੇ ਪੁਜਾਰੀ ਥੁੜੂ ਰਾਮ ਦੀ ਅੱਜ ਸਵੇਰੇ 6 ਵਜੇ ਦੇ ਕਰੀਬ ਅਣਪਛਾਤੇ ਅਨਸਰਾਂ ਵੱਲੋਂ ਸਿਰ ’ਤੇ ਲੋਹੇ ਦੀਆਂ ਰਾਡਾਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐੱਸਐੱਸਪੀ ਗੁਰਦਾਸਪੁਰ ਨਾਨਕ ਸਿੰਘ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਘਟਨਾ ਸਥਾਨ ’ਤੇ ਪੁੱਜੇ। ਰਵਿਦਾਸ ਭਵਨ ਦੇ ਪੁਜਾਰੀ ਦਾ ਕਤਲ ਹੋਣ ’ਤੇ ਪਿੰਡ ਭੋਜ ਰਾਜ ਦੇ ਵੋਟਰਾਂ ਵੱਲੋਂ ਵੋਟਿੰਗ ਬੰਦ ਕਰ ਦਿੱਤੀ ਗਈ ਅਤੇ ਮੰਗ ਗਈ ਕਾਤਲਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਸ ਸਮੇਂ ਤਕ ਉਹ ਵੋਟ ਨਹੀਂ ਪਾਉਣਗੇ। ਇਸ ਸਬੰਧੀ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਗੁਰੂ ਰਵਿਦਾਸ ਭਵਨ ਦੇ ਅਹੁਦੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਜਦੋਂ ਪੁਜਾਰੀ ਥੁੜੂ ਰਾਮ ਮੰਦਰ ਵਿਚ ਪੂਜਾ ਕਰ ਰਿਹਾ ਸੀ ਤਾਂ ਕੁਝ ਅਣਪਛਾਤੇ ਅਨਸਰਾਂ ਵੱਲੋਂ ਪੁਜਾਰੀ ਦੇ ਸਿਰ ’ਤੇ ਲੋਹੇ ਦੀਆਂ ਰਾਡਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਵੱਲੋਂ ਪੁਜਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪਾਉਣ ਅਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਪ੍ਰਸ਼ਾਸਨ ਬਣਦੀ ਕਾਰਵਾਈ ਕਰ ਰਿਹਾ ਹੈ ।