ਪੱਤਰ ਪ੍ਰੇਰਕ
ਤਰਨ ਤਾਰਨ, 18 ਜਨਵਰੀ
ਇੱਥੋਂ ਦੇ ਚੌਕ ਭਾਨ ਸਿੰਘ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਬੀਤੀ ਸ਼ਾਮ ਆਪਣੀ ਬਿਰਧ ਨਾਨੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ| ਮ੍ਰਿਤਕਾ ਦੀ ਪਛਾਣ ਸੁਰਿੰਦਰ ਕੌਰ (70) ਤੇ ਮੁਲਜ਼ਮ ਦੀ ਸ਼ਨਾਖ਼ਤ ਗੋਬਿੰਦਾ ਵਾਸੀ ਸੰਗੋਜਲਾ (ਕਪੂਰਥਲਾ) ਵਜੋਂ ਹੋਈ ਹੈ| ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਆਪਣੀ ਵਿਧਵਾ ਧੀ ਕੁਲਦੀਪ ਕੌਰ ਕੋਲ ਰਹਿੰਦੀ ਸੀ| ਬੀਤੇ ਦਿਨ ਗੋਬਿੰਦਾ ਆਪਣੇ ਸਾਥੀ ਨਾਲ ਆਇਆ ਅਤੇ ਸੁਰਿੰਦਰ ਕੌਰ ਕੋਲੋਂ ਪੈਸਿਆਂ ਦੀ ਮੰਗ ਕੀਤੀ| ਉਸ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਗੋਬਿੰਦਾ ਨੇ ਉਸ ਦੇ ਗਲੇ ’ਤੇ ਕਿਰਚ ਨਾਲ ਕਈ ਵਾਰ ਕੀਤੇ| ਸੁਰਿੰਦਰ ਕੌਰ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਹਨ| ਪੁਲੀਸ ਨੇ ਮ੍ਰਿਤਕਾ ਦੀ ਧੀ ਕੁਲਦੀਪ ਕੌਰ ਦੇ ਬਿਆਨਾਂ ’ਤੇ ਦਫ਼ਾ 302, 34 ਤਹਿਤ ਕੇਸ ਦਰਜ ਕਰ ਲਿਆ ਹੈ|