ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ‘ਪੰਜਾਬ ਮੰਗਦਾ ਜਵਾਬ’ ਰੈਲੀਆਂ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ 30 ਅਪਰੈਲ ਤਕ ਸਿਆਸੀ ਇਕੱਠਾਂ ’ਤੇ ਰੋਕ ਲਾਉਣ ਦੇ ਦੋਸ਼ ਲਾਏ ਹਨ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਨਤਕ ਮੀਟਿੰਗਾਂ ’ਤੇ ਪਾਬੰਦੀ ਦਾ ਸਬੰਧ ਕਰੋਨਾ ਤੋਂ ਵਧ ਕਾਂਗਰਸ ਪਾਰਟੀ ’ਤੇ ਪੈ ਰਹੇ ਦਬਾਅ ਨਾਲ ਹੈ। ਉਨ੍ਹਾਂ ਕਿਹਾ ਕਿ ਇਕ ਮਗਰੋਂ ਦੂਜੀ ਰੈਲੀ ਕਰ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਦੇ ਝੂਠੇ ਦਾਅਵੇ ਬੇਨਕਾਬ ਕਰ ਦਿੱਤੇ। ਇਸ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਯੋਜਨਾਵਾਂ ਵਿਚ ਗੜਬੜ ਹੋ ਗਈ ਤੇ ਉਸ ਵੱਲੋਂ ਕਾਂਗਰਸ ਪਾਰਟੀ ਦੇ ਹੋ ਰਹੇ ਨੁਕਸਾਨ ਨੁੰ ਰੋਕਣ ਲਈ ਜਨਤਕ ਇਕੱਠਾਂ ’ਤੇ ਪਾਬੰਦੀ ਲਗਾਉਣ ਦਾ ਸੁਝਾਅ ਦਿੱਤਾ ਗਿਆ।
ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਿਰਫ ਵਿਰੋਧੀ ਧਿਰ ਦੀਆਂ ਰੈਲੀਆਂ ’ਤੇ ਹੀ ਨਹੀਂ ਸਗੋਂ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰੇ ਮੁਲਾਜ਼ਮਾਂ ’ਤੇ ਵੀ ਪਾਬੰਦੀ ਲਗਾਉਣਾ ਚਾਹੁੰਦੀ ਹੈ। ਉਨ੍ਹਾਂ ਬਿਨਾਂ ਵਿਗਿਆਨਕ ਆਧਾਰ ’ਤੇ ਲੌਕਡਾਊਨ ਲਾਉਣ ’ਤੇ ਮੁੱਖ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਲੋਕ ਆਰਥਿਕ ਤੌਰ ’ਤੇ ਤਬਾਹ ਹੋਏ ਪਏ ਹਨ। ਜਨਤਕ ਅਤੇ ਨਿੱਜੀ ਸਮਾਗਮਾਂ ਵਿਚ ਲੋਕਾਂ ਦੇ ਇਕੱਠ ’ਤੇ ਰੋਕ ਲਗਾਉਣ ਨਾਲ ਵਪਾਰੀਆਂ ਦਾ ਹੋਰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਮੁਹਿੰਮ ’ਚ ਤੇਜ਼ੀ ਲਿਆਉਣ ਦੀ ਜਗ੍ਹਾ ਸਰਕਾਰ ਜਨਤਕ ਇਕੱਠਾਂ ’ਤੇ ਰੋਕ ਲਗਾ ਰਹੀ ਹੈ, ਜਿਸ ਨਾਲ ਸੂਬੇ ਦੀ ਆਰਥਿਕ ਹਾਲਤ ਹੋਰ ਵਿਗੜੇਗੀ।