ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਨਵੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਰੀਬ 70 ਹਜ਼ਾਰ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਅਦਾਇਗੀ ਰੋਕਣ ਦੇ ਮਾਮਲੇ ਵਿੱਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮਾਲ ਰਿਕਾਰਡ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਰੈਵੇਨਿਊ ਪਟਵਾਰ ਯੂਨੀਅਨ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸਰਕਾਰ ਦੀ ਕਥਿਤ ਲਾਪਰਵਾਹੀ ਦਾ ਭੇਤ ਖੋਲ੍ਹਿਆ ਹੈ। ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਾਲ ਰਿਕਾਰਡ ਦਰੁਸਤ ਹੈ ਸਗੋਂ ਸਰਕਾਰ ਦਾ ਪੋਰਟਲ ਪੁਰਾਣਾ ਹੈ ਜਿਸ ਵਿਚ ਨਵੇਂ ਇੰਤਕਾਲਾਂ ਦਾ ਇੰਦਰਾਜ ਹੀ ਨਹੀਂ ਹੈ। ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਉਣੀ-2021 ਦੀ ਝੋਨੇ ਦੀ ਫ਼ਸਲ ਦੀ ਖ਼ਰੀਦ ਕਰਨ ਲਈ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨੂੰ ਸਰਕਾਰੀ ਪੋਰਟਲ ਨਾਲ ਜੋੜਿਆ ਸੀ। ਆੜ੍ਹਤੀਆਂ ਨੇ ਆਪਣੇ ਅਧੀਨ ਪੈਂਦੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਦੀ ਐਂਟਰੀ ਇਸ ਪੋਰਟਲ ’ਤੇ ਕੀਤੀ ਸੀ। ਹੁਣ ਪੰਜਾਬ ਸਰਕਾਰ ਨੇ 70 ਹਜ਼ਾਰ ਕਿਸਾਨਾਂ ਦੀ ਐਂਟਰੀ ’ਤੇ ਸ਼ੱਕ ਖੜ੍ਹਾ ਕਰ ਕੇ ਕਿਸਾਨਾਂ ਨੂੰ ਝੋਨੇ ਦੀ ਵਿਕੀ ਫ਼ਸਲ ਦੀ ਅਦਾਇਗੀ ਰੋਕ ਦਿੱਤੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਪੰਜਾਬ ਸਰਕਾਰ ਵੱਲੋਂ ਆੜ੍ਹਤੀਆਂ ਨੂੰ ਦਿੱਤਾ ਗਿਆ ਪੋਰਟਲ ਹੀ ਪੁਰਾਣਾ ਹੈ ਜਿਸ ਵਿਚ ਨਵੇਂ ਇੰਤਕਾਲਾਂ ਦਾ ਇੰਦਰਾਜ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਨੇ ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਹੜਤਾਲ ਦੌਰਾਨ ਵੀ ਗਿਰਦਾਵਰੀਆਂ ਦੇ ਕੰਮ ਨੂੰ ਪਹਿਲ ਦਿੱਤੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਉਹ ਪੋਰਟਲ ਦੀਆਂ ਤਰੁੱਟੀਆਂ ਨੂੰ ਦੂਰ ਕਰੇ।