
ਚਰਨਜੀਤ ਭੁੱਲਰ
ਚੰਡੀਗੜ੍ਹ, 5 ਦਸੰਬਰ
ਮੁੱਖ ਅੰਸ਼
- ਬਿਜਲੀ ਖਪਤ ਵਿੱਚ 12 ਫ਼ੀਸਦੀ ਵਾਧਾ
ਪੰਜਾਬ ’ਚ ਵਰ੍ਹਿਆਂ ਮਗਰੋਂ ਪਬਲਿਕ ਸੈਕਟਰ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਪੈਦਾਵਾਰ ਦੇ ਰਿਕਾਰਡ ਟੁੱਟੇ ਹਨ। ਐਤਕੀਂ ਬਿਜਲੀ ਖਪਤ ਵਿਚ ਹੋਏ ਅਣਕਿਆਸੇ ਵਾਧੇ ਦੀ ਪੂਰਤੀ ’ਚ ਪਾਵਰਕੌਮ ਦੇ ਥਰਮਲਾਂ ਦੀ ਵੱਡੀ ਭੂਮਿਕਾ ਸਾਹਮਣੇ ਆਈ ਹੈ। ਪਾਵਰਕੌਮ ਵੱਲੋਂ ਅਪਰੈਲ ਤੋਂ ਨਵੰਬਰ ਮਹੀਨੇ ਤੱਕ ਦੇ ਕੀਤੇ ਲੇਖੇ ਜੋਖੇ ’ਚ ਇਹ ਤੱਥ ਉੱਭਰੇ ਹਨ। ਪਾਵਰਕੌਮ ਦੇ ਤਾਪ ਬਿਜਲੀ ਘਰਾਂ ਤੋਂ ਇਸ ਸਮੇਂ ਦੌਰਾਨ 83 ਫ਼ੀਸਦੀ ਬਿਜਲੀ ਵੱਧ ਪੈਦਾ ਹੋਈ ਹੈ ਜਦੋਂਕਿ ਪ੍ਰਾਈਵੇਟ ਥਰਮਲਾਂ ਤੋਂ 19 ਫ਼ੀਸਦੀ ਵੱਧ ਬਿਜਲੀ ਪੈਦਾ ਹੋਈ ਹੈ।
ਵੇਰਵਿਆਂ ਅਨੁਸਾਰ ਅਪਰੈਲ ਤੋਂ ਨਵੰਬਰ ਮਹੀਨੇ ਦੌਰਾਨ ਇਸ ਵਾਰ ਤਪਸ਼ ਦੇ ਵਾਧੇ ਅਤੇ ਘੱਟ ਮੀਂਹ ਪੈਣ ਕਰਕੇ ਬਿਜਲੀ ਦੀ ਖਪਤ ਵਿਚ ਸਮੁੱਚਾ 12 ਫੀਸਦੀ ਦਾ ਵਾਧਾ ਹੋਇਆ ਹੈ। ਪਾਵਰਕੌਮ ਦੇ ਆਪਣੇ ਤਾਪ ਬਿਜਲੀ ਘਰ 2015-16 ਤੋਂ ਮਗਰੋਂ ਨਾਮਾਤਰ ਹੀ ਭਖੇ ਹਨ ਅਤੇ ਬਿਜਲੀ ਦੀ ਜ਼ਿਆਦਾ ਪੂਰਤੀ ਹੋਰਨਾਂ ਸਰੋਤਾਂ ਤੋਂ ਹੁੰਦੀ ਰਹੀ ਹੈ। ਕਰੀਬ ਛੇ ਵਰ੍ਹਿਆਂ ਪਿੱਛੋਂ ਪਹਿਲੀ ਦਫ਼ਾ ਪਾਵਰਕੌਮ ਦੇ ਤਾਪ ਬਿਜਲੀ ਘਰਾਂ ਤੋਂ 83 ਫ਼ੀਸਦੀ ਬਿਜਲੀ ਵੱਧ ਪੈਦਾ ਹੋਈ ਹੈ। ਪਾਵਰਕੌਮ ਨੂੰ ਹਾਈਡਲ ਪ੍ਰਾਜੈਕਟਾਂ ਤੋਂ 16 ਫ਼ੀਸਦੀ ਅਤੇ ਬੀਬੀਐੱਮਬੀ ਤੋਂ 9 ਫ਼ੀਸਦੀ ਬਿਜਲੀ ਵੱਧ ਪੈਦਾ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੈਡੀ ਸੀਜ਼ਨ ਦੌਰਾਨ ਜ਼ੋਨ ਵਾਈਜ਼ ਝੋਨੇ ਦੀ ਲੁਆਈ ਦਾ ਨਵਾਂ ਫ਼ਾਰਮੂਲਾ ਦਿੱਤਾ ਸੀ ਜਿਸ ਦੇ ਮੱਦੇਨਜ਼ਰ ਜੂਨ ਮਹੀਨੇ ਵਿਚ ਬਿਜਲੀ ਖਪਤ 11 ਫ਼ੀਸਦੀ ਅਤੇ ਜੁਲਾਈ ਮਹੀਨੇ ਵਿਚ 15 ਫ਼ੀਸਦੀ ਬਿਜਲੀ ਦੀ ਖਪਤ ਘੱਟ ਰਹੀ ਹੈ। ਪਾਵਰਕੌਮ ਨੇ ਸ਼ਾਰਟ ਟਰਮ ਖ਼ਰੀਦ ਵਾਲੀ ਮਹਿੰਗੀ ਬਿਜਲੀ ਖ਼ਰੀਦਣ ਤੋਂ ਗੁਰੇਜ਼ ਕੀਤੀ ਜਿਸ ਦੀ ਖ਼ਰੀਦ ਵਿਚ 45 ਫ਼ੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਮਾਹਿਰ ਆਖਦੇ ਹਨ ਕਿ ਪਾਵਰਕੌਮ ਦੇ ਆਪਣੇ ਸਰੋਤਾਂ ਅਤੇ ਬੈਂਕਿੰਗ ਜ਼ਰੀਏ ਬਿਜਲੀ ਲੈਣ ਕਰਕੇ ਵਿੱਤੀ ਖਰਚਾ ਵੀ ਘੱਟ ਪਿਆ ਹੈ।
ਪਾਵਰਕੌਮ ਨੇ ਬੈਂਕਿੰਗ ਜ਼ਰੀਏ 155 ਫ਼ੀਸਦੀ ਵੱਧ ਬਿਜਲੀ ਲਈ ਹੈ। ਪਾਵਰਕੌਮ ਵੱਲੋਂ ਹੁਣ ਦੂਸਰੇ ਸੂਬਿਆਂ ਨੂੰ ਬੈਂਕਿੰਗ ਜ਼ਰੀਏ 1200 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ। ਪਿਛਲੇ ਵਰ੍ਹੇ ਦੇ ਮੁਕਾਬਲੇ ਚਲੰਤ ਮਾਲੀ ਵਰ੍ਹੇ ਦੇ ਅਪਰੈਲ ਤੋਂ ਨਵੰਬਰ ਮਹੀਨੇ ਤੱਕ ਘਰੇਲੂ ਬਿਜਲੀ ਦੀ ਖਪਤ ਵਿਚ 22 ਫ਼ੀਸਦੀ ਅਤੇ ਵਪਾਰਕ ਬਿਜਲੀ ਦੀ ਖਪਤ ਵਿਚ 26 ਫ਼ੀਸਦੀ ਦਾ ਵਾਧਾ ਹੋਇਆ ਹੈ ਜਦੋਂ ਕਿ ਸਨਅਤੀ ਖੇਤਰ ਦੀ ਬਿਜਲੀ ਖਪਤ ਵਿੱਚ 7 ਫ਼ੀਸਦੀ ਦੀ ਕਟੌਤੀ ਹੋਈ ਹੈ। ਖੇਤੀ ਸੈਕਟਰ ਵਿਚ ਬਿਜਲੀ ਦੀ ਖਪਤ 5 ਫ਼ੀਸਦੀ ਵਧੀ ਹੈ। ਦੇਖਿਆ ਜਾਵੇ ਤਾਂ ਬਾਰਸ਼ ਘੱਟ ਪੈਣ ਕਰਕੇ ਅਗਸਤ ਮਹੀਨੇ ਵਿਚ 11 ਫ਼ੀਸਦੀ ਅਤੇ ਸਤੰਬਰ ਮਹੀਨੇ ਵਿਚ 34 ਫ਼ੀਸਦੀ ਬਿਜਲੀ ਖਪਤ ਜ਼ਿਆਦਾ ਹੋਈ ਹੈ।
ਅਗੇਤੀ ਗਰਮੀ ਸ਼ੁਰੂ ਹੋਣ ਕਰਕੇ ਅਪਰੈਲ ਮਹੀਨੇ ਵਿਚ ਬਿਜਲੀ ਖਪਤ 34 ਫ਼ੀਸਦੀ ਅਤੇ ਮਈ ਮਹੀਨੇ ਵਿਚ 23 ਫ਼ੀਸਦੀ ਖਪਤ ਵਧੀ ਹੈ। ਮਾਹਿਰਾਂ ਮੁਤਾਬਕ ਪਹਿਲੀ ਦਫ਼ਾ ਹੈ ਕਿ ਬਿਜਲੀ ਦੀ ਖਪਤ ਵਿਚ ਲੋੜੋਂ ਵੱਧ ਵਾਧਾ ਹੋਇਆ ਹੈ। ਪਾਵਰਕੌਮ ਦੇ ਅਧਿਕਾਰੀ ਇਸ ਗੱਲੋਂ ਤਸੱਲੀ ਵਿਚ ਹਨ ਕਿ ਏਨੇ ਵਾਧੇ ਦੇ ਬਾਵਜੂਦ ਪੈਡੀ ਦੇ ਸੀਜ਼ਨ ਦੌਰਾਨ ਪਾਵਰਕੱਟਾਂ ਦੀ ਕੋਈ ਨੌਬਤ ਨਹੀਂ ਬਣੀ।
ਝੋਨੇ ਦੇ ਸੀਜ਼ਨ ਲਈ ਅਗਾਊਂ ਵਿਉਂਤਬੰਦੀ ਸ਼ੁਰੂ
ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਲੰਘੇ ਪੈਡੀ ਸੀਜ਼ਨ ਦੇ ਮੁੱਢਲੇ ਤਜਰਬੇ ਨੂੰ ਦੇਖਦਿਆਂ ਅਗਲੇ ਝੋਨੇ ਦੀ ਸੀਜ਼ਨ ਲਈ ਹੁਣ ਤੋਂ ਹੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਜ਼ੋਨ ਵਾਈਜ਼ ਝੋਨੇ ਦੀ ਲੁਆਈ ਅਤੇ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਦੇ ਬੀਜ ਦੀ ਉਪਲੱਬਧਤਾ ਬਾਰੇ ਸਰਕਾਰ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਮੇਂ ਸਿਰ ਬੀਜ ਕਿਸਾਨਾਂ ਨੂੰ ਮੁਹੱਈਆ ਕਰਾਉਣ ਖ਼ਾਤਰ ਖੇਤੀ ਮਹਿਕਮੇ ਨੂੰ ਹਦਾਇਤ ਦਿੱਤੀ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ