ਪੱਤਰ ਪ੍ਰੇਰਕ
ਗਿੱਦੜਬਾਹਾ, 23 ਦਸੰਬਰ
ਗਿੱਦੜਬਾਹਾ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸਰਕਾਰੀ ਖਜ਼ਾਨੇ ਨੂੰ ਕਥਿਤ ਚੂਨਾ ਲਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਵਾਲਾ ਮੰਤਰੀ ਅਖਵਾਉਣ ਵਾਲੇ ਰਾਜਾ ਵੜਿੰਗ ਨੇ ਪਿੰਡ ਦੋਦਾ ਦੀ ਰੈਲੀ ਵਿੱਚ ਇਕੱਠ ਕਰਨ ਵਾਸਤੇ ਪਿੰਡਾਂ ਵਿੱਚੋਂ ਲੋਕਾਂ ਨੂੰ ਲਿਆਉਣ ਲਈ ਸਰਕਾਰੀ ਬੱਸਾਂ ਦੀ ਨਾਜਾਇਜ਼ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਕਰੀਬ 500 ਬੱਸਾਂ ਆਈਆਂ ਸਨ ਅਤੇ ਇੱਕ ਦਿਨ ਦੇ 35 ਹਜ਼ਾਰ ਰੁਪਏ ਪ੍ਰਤੀ ਬੱਸ ਦੇ ਹਿਸਾਬ ਨਾਲ ਸਰਕਾਰੀ ਖਜ਼ਾਨੇ ਨੂੰ ਕਰੀਬ 1 ਕਰੋੜ 75 ਲੱਖ ਰੁਪਏ ਦਾ ਚੂਨਾ ਲੱਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬੇ ਵਿੱਚ ਸਿਰਫ ਉਨ੍ਹਾਂ ਦੀ ਮਾਲਕੀ ਵਾਲੀ ਨਿਊ ਦੀਪ ਬੱਸ ਸਰਵਿਸ, ਉਨ੍ਹਾਂ ਦੇ ਚਾਚੇ ਦੇ ਲੜਕੇ ਜਗਦੀਪ ਸਿੰਘ ਢਿੱਲੋਂ ਦੀ ਬੱਸ ਕੰਪਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮਾਲਵਾ ਬੱਸ ਸਰਵਿਸ ਤੋਂ ਇਲਾਵਾ ਬਾਦਲ ਪਰਿਵਾਰ ਦੀ ਔਰਬਿਟ ਟਰਾਂਸਪੋਰਟ ਦੀਆਂ ਹੀ ਬੱਸਾਂ ਬੰਦ ਕਰ ਰਹੇ ਹਨ, ਜਦੋਂਕਿ ਇਨ੍ਹਾਂ ਸਭ ਕੰਪਨੀਆਂ ਨੂੰ ਹਾਈ ਕੋਰਟ ਵੱਲੋਂ ਮੁੜ ਬੱਸਾਂ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਰਾਜਨੀਤੀ ਕਰਦੇ ਹੋਏ ਅਦਾਲਤਾਂ, ਵਕੀਲਾਂ ਅਤੇ ਟਰਾਂਸਪੋਰਟ ਵਿਭਾਗ ਦਾ ਸਮਾਂ ਬਰਬਾਦ ਕਰ ਰਹੇ ਹਨ।