ਜਗਜੀਤ ਸਿੰਘ
ਮੁਕੇਰੀਆਂ, 22 ਜੂਨ
ਕੰਢੀ ਨਹਿਰ ਨੂੰ ਹੇਠਾਂ ਤੋਂ ਕੱਚਾ ਰੱਖਣ, ਹਾਦਸਿਆਂ ਤੋਂ ਬਚਣ ਲਈ ਕੰਢਿਆਂ ’ਤੇ ਰੇਲਿੰਗ ਲਗਾਉਣ, ਖਾਲਿਆਂ ਦੀ ਮੁਰੰਮਤ ਅਤੇ ਟੇਲਾਂ ਤੱਕ ਪਾਣੀ ਪੁੱਜਦਾ ਕਰਨ ਦੀ ਮੰਗ ਲਈ ਦੋਆਬਾ ਕਿਸਾਨ ਕਮੇਟੀ ਪੰਜਾਬ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਧਰਨਾ 29ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਭਾਗੀ ਮੰਤਰੀ ਬ੍ਰਹਮਸ਼ੰਕਰ ਜਿੰਪਾ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਸੰਘਰਸ਼ ਦੇ ਅਗਲੇ ਪੜਾਅ ਤਹਿਤ ਕੈਬਨਿਟ ਮੰਤਰੀ ਦੀ ਹੁਸ਼ਿਆਰਪੁਰ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ।
ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਸੇਵਾ ਦਲ ਦੇ ਮਨਜੋਤ ਸਿੰਘ ਤਲਵੰਡੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਵੀ ਅਟਵਾਲ ਨੇ ਕਿਹਾ ਕਿ ਕੰਢੀ ਨਹਿਰ ਸਰਕਾਰਾਂ, ਮੰਤਰੀਆਂ, ਅਫ਼ਸਰਾਂ ਤੇ ਠੇਕੇਦਾਰਾਂ ਦੀ ਕਮਾਈ ਦਾ ਸਾਧਨ ਬਣੀ ਹੋਈ ਹੈ। ਹਰ ਸਾਲ ਕਿਸਾਨਾਂ ਨੂੰ ਕੰਢੀ ਨਹਿਰ ਰਾਹੀਂ ਪਾਣੀ ਮੁਹੱਈਆ ਕਰਾਉਣ ਦੇ ਨਾਮ ’ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਪਰ ਹਕੀਕਤ ਵਿੱਚ ਹਾਲੇ ਤੱਕ ਕੰਢੀ ਨਹਿਰ ਦੇ ਨਾਲ ਲੱਗਦੇ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸਿੰਜਾਈ ਯੋਗ ਪਾਣੀ ਨਹੀਂ ਮਿਲ ਸਕਿਆ। ਕੰਢੀ ਨਹਿਰ ਨੂੰ ਥੱਲਿਓਂ ਪੱਕਾ ਕੀਤੇ ਜਾਣ ਕਾਰਨ ਨੇੜਲੀਆਂ ਜ਼ਮੀਨਾਂ ਵਿੱਚੋਂ ਨਮੀ ਖਤਮ ਹੋ ਜਾਵੇਗੀ ਅਤੇ ਕੰਢੀ ਨਹਿਰ ਰਾਹੀਂ ਮਿਲ ਰਹੇ ਨਿਗੂਣੇ ਪਾਣੀ ਕਾਰਨ ਕੰਢੀ ਦੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਨਹਿਰ ਦੀ ਮੁਰੰਮਤ ’ਤੇ ਕਰੋੜਾਂ ਰੁਪਏ ਖਰਚੇ ਗਏ ਹਨ ਪਰ ਹਾਲੇ ਤੱਕ ਟੇਲਾਂ ਤੱਕ ਪਾਣੀ ਨਹੀਂ ਪੁੱਜਿਆ, ਸਗੋਂ ਖਾਲਿਆਂ ਦੀ ਖਸਤਾ ਹਾਲਤ ਕਾਰਨ ਉਨ੍ਹਾਂ ਦੀ ਹੋਂਦ ਖਤਮ ਹੁੰਦੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨ ਜਥੇਬੰਦੀਆਂ ਨਾਲ ਜਲੰਧਰ ਵਿੱਚ ਮੀਟਿੰਗ ਦੌਰਾਨ ਭਰੋਸਾ ਦਿੱਤਾ ਸੀ ਕਿ 3 ਜੂਨ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਗੰਨੇ ਦੇ ਬਕਾਏ, ਕੰਢੀ ਨਹਿਰ ਸਮੇਤ ਹੋਰ ਕਿਸਾਨੀ ਮਸਲੇ ਹੱਲ ਕੀਤੇ ਜਾਣਗੇ ਪਰ ਹਾਲੇ ਤੱਕ ਮੀਟਿੰਗ ਬਾਰੇ ਕੋਈ ਥਹੁ-ਪਤਾ ਨਹੀਂ ਹੈ। ਇਸੇ ਤਰ੍ਹਾਂ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੀ ਰਿਹਾਇਸ਼ ਦੇ ਘਿਰਾਓ ਮੌਕੇ ਭਰੋਸਾ ਦਿੱਤਾ ਸੀ ਕਿ ਇਸ ਮਸਲੇ ’ਤੇ 23 ਜੂਨ ਨੂੰ ਮੀਟਿੰਗ ਕੀਤੀ ਜਾਵੇਗੀ ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।