ਡਾ. ਿਹਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗਤਕਾ ਫੈੱਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਅੱਜ ਇਥੇ ਪੰਜਾਬ, ਹਰਿਆਣਾ ਅਤੇ ਦਿਲੀ ਦੀਆਂ ਚੋਣਵੀਆਂ ਗਤਕਾਂ ਟੀਮਾਂ ਦੇ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਅਰਦਾਸ ਕਰਨ ਮਗਰੋਂ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਪ੍ਰੋ. ਬੰਡੂਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਵਿੱਚ ਫ਼ਤਹਿ ਪ੍ਰਾਪਤ ਕਰਨ ਮਗਰੋਂ ਸਰਹਿੰਦ ਪਹੁੰਚਣ ਦੀ ਯਾਦ ਵਿੱਚ ਸਿਖ ਪੰਥ ਵੱਲੋਂ ਫਤਹਿ ਮਾਰਚ ਕੀਤਾ ਜਾਂਦਾ ਹੈ ਤੇ ਸਿੱਖ ਨੌਜਵਾਨਾਂ ਅੰਦਰ ਸ਼ਸਤਰ ਕਲਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੌਕੇ ਜਥੇਦਾਰ ਪੰਜੋਲੀ ਨੇ ਸਿੱਖ ਇਤਿਹਾਸ ਬਾਰੇ ਦੱਸਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਰਣਜੀਤ ਅਖਾੜਾ ਨਿਹੰਗ ਸਿੰਘਾਂ ਪਟਿਆਲਾ, ਬਾਬਾ ਜਿਊਣ ਸਿੰਘ ਗਤਕਾ ਅਖਾੜਾ ਪਥਰਾਲਾ ਬਠਿੰਡਾ, ਬੀਰ ਖਾਲਸਾ ਦਲ ਅੰਬਾਲਾ, ਸੁਰਜੀਤ ਗਤਕਾ ਅਖਾੜਾ ਮੋਗਾ, ਗੁਰੂ ਹਰਿਗੋਬਿੰਦ ਗਤਕਾ ਅਖਾੜਾ, ਗੁਰੂ ਤੇਗ ਬਹਾਦਰ ਗਤਕਾ ਅਖਾੜਾ ਵੱਲਾ, ਬਾਬਾ ਬਿਧੀ ਚੰਦ ਗਤਕਾ ਅਖਾੜਾ ਅੰਮ੍ਰਿਤਸਰ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂਕੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਪਾਉਂਟਾ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦਿੱਲੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਦੀਆਂ ਟੀਮਾਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਗੇੜਾ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਨੱਥਾ ਸਿੰਘ, ਬਲਵਿੰਦਰ ਸਿੰਘ ਭਮਾਰਸੀ, ਗੁਰਦੀਪ ਸਿੰਘ ਸੇਖੂਪੁਰ, ਗੁਰਤੇਜ ਸਿੰਘ ਖਾਲਸਾ ਵੀ ਸ਼ਾਮਲ ਸਨ।