ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜਨਵਰੀ
ਪੰਜਾਬ ਭਰ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਮੁਸਲਿਮ ਆਗੂਆਂ ਦੀ ਮੀਟਿੰਗ ਜਾਮਾ ਮਸਜਿਦ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੇ ਸੱਦੇ ’ਤੇ ਹੋਈ। ਮੀਟਿੰਗ ਵਿੱਚ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਵਿਚਾਰ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਇਕ 20 ਨੁਕਾਤੀ ਮਤਾ ਪਾਸ ਕੀਤਾ, ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਘੱਟ ਗਿਣਤੀਆਂ ਦੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਮੁਸਲਿਮ ਭਾਈਚਾਰਾ ਉਨ੍ਹਾਂ ਨੂੰ ਸੱਤਾ ਤੋਂ ਨਜ਼ਰਅੰਦਾਜ਼ ਕਰ ਦੇਵੇਗਾ। ਚਾਰ ਘੰਟੇ ਤੋਂ ਵੱਧ ਸਮਾਂ ਚੱਲੀ ਮੁਸਲਿਮ ਪੰਚਾਇਤ ਵਿੱਚ ਮੰਗ ਰੱਖੀ ਗਈ ਕਿ ਪੰਜਾਬ ਵਕਫ਼ ਬੋਰਡ ਦੇ ਮੈਂਬਰਾਂ ਦੀ ਚੋਣ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇ ਅਤੇ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਇਕ ਹੀ ਮੈਂਬਰ ਲਿਆ ਜਾਵੇ। ਇਸ ਦੌਰਾਨ ਮੁਸਲਿਮ ਆਬਾਦੀ ਦੇ ਆਧਾਰ ’ਤੇ ਕਬਰਿਸਤਾਨ ਰਿਜ਼ਰਵ ਕਰਨ ਤੇ ਮੁਸਲਮਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਹਿੱਸੇਦਾਰੀ ਦੇਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਸਿਆਸੀ ਧੋਖੇਬਾਜ਼ੀ ਦਾ ਹੁਣ ਸਮਾਂ ਨਹੀਂ ਰਿਹਾ, ਕਿਉਂਕਿ ਸੂਬੇ ਭਰ ਦਾ ਮੁਸਲਿਮ ਭਾਈਚਾਰਾ ਇੱਕਜੁਟ ਹੈ ਤੇ ਆਪਣੇ ਹਿੱਤਾਂ ਦੀ ਰਾਖੀ ਲਈ ਜਾਗਰੂਕ ਹੋ ਚੁੱਕੇ ਹਨ। ਇਸ ਮੌਕੇ ਸਾਦਿਕ ਰਜ਼ਾ ਖ਼ਲੀਫ਼ਾ ਸਰਹਿੰਦ ਸ਼ਰੀਫ਼, ਕਾਂਗਰਸ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਖਾਨ, ਰਾਸ਼ਟਰੀ ਜਨਤਾ ਦਲ ਪੰਜਾਬ ਦੇ ਆਗੂ ਮੁਕੀਦ ਆਲਮ, ਆਮ ਆਦਮੀ ਪਾਰਟੀ ਦੇ ਹਾਸ਼ਮ ਸੂਫ਼ੀ, ਸ਼੍ਰੋਮਣੀ ਅਕਾਲੀ ਦਲ ਐਡਵਾਈਜ਼ਰੀ ਬੋਰਡ ਦੇ ਮੈਂਬਰ ਹਾਫਿਜ਼ ਤਹਿਸੀਨ ਤੇ ਮੁਹੰਮਦ ਇਰਸ਼ਾਦ ਹਾਜ਼ਰ ਸਨ।