ਜਗਮੋਹਨ ਸਿੰਘ/ਬਲਵਿੰਦਰ ਰੈਤ
ਰੂਪਨਗਰ/ਨੂਰਪੁਰ ਬੇਦੀ, 14 ਸਤੰਬਰ
ਜ਼ਿਲ੍ਹਾ ਪੁਲੀਸ ਨੇ ਇਰਾਦਾ ਕਤਲ, ਅਗਵਾ ਤੇ ਲੜਾਈ-ਝਗੜਿਆਂ ਦੇ 9 ਮਾਮਲਿਆਂ ਵਿੱਚ ਲੋੜੀਂਦੇ ਭਗੌੜੇ ਤੇ ਗੈਂਗਸਟਰ ਮੁਲਜ਼ਮ ਨੂੰ 315 ਬੋਰ ਦੀਆਂ ਤਿੰਨ ਪਿਸਤੌਲਾਂ ਤੇ 52 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਇੱਕ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਥਾਣਾ ਹਰੌਲੀ ਜ਼ਿਲ੍ਹਾ ਊਨਾ ਨੂੰ ਵੀ ਲੋੜੀਂਦਾ ਹੈ। ਸੀਨੀਅਰ ਪੁਲੀਸ ਕਪਤਾਨ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮਨਵਿੰਦਰ ਵੀਰ ਸਿੰਘ ਕਪਤਾਨ ਪੁਲੀਸ (ਡਿਟੈਕਟਿਵ) ਤੇ ਤਲਵਿੰਦਰ ਸਿੰਘ ਗਿੱਲ ਉਪ ਕਪਤਾਨ ਪੁਲੀਸ (ਡਿਟੈਕਟਿਵ) ਰੂਪਨਗਰ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਵੱਲੋਂ ਥਾਣਾ ਨੂਰਪੁਰਬੇਦੀ ਵਿੱਚ ਦਰਜ ਕਈ ਮਾਮਲਿਆਂ ਵਿੱਚ ਭਗੌੜੇ, ਗੈਂਗਸਟਰ ਤੇ ਮੁਲਜ਼ਮ ਨੂੰ ਅੱਜ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀਆਈਏ ਰੂਪਨਗਰ ਦੀ ਟੀਮ ਵੱਲੋਂ ਬਾਹੱਦ ਪਿੰਡ ਆਜ਼ਮਪੁਰ ਤੋਂ ਰਾਜ ਸਿੰਘ ਉਰਫ ਰਾਜਾ ਬਸਾਲੀ ਵਾਸੀ ਪਿੰਡ ਬਸਾਲੀ ਨੂੰ ਸਮੇਤ 3 ਪਿਸਤੌਲਾਂ 315 ਬੋਰ, 3 ਰੌਂਦਾਂ ਅਤੇ 52 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਸ ਖਿਲਾਫ਼ ਥਾਣਾ ਨੂਰਪੁਰਬੇਦੀ ’ਚ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।