ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ
ਐਸਏਐਸ ਨਗਰ (ਮੁਹਾਲੀ)/ਖਰੜ, 13 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਸਬੰਧੀ ਪਾਰਟੀ ਦੌਰਾਨ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ ਤਹਿਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਸਮੇਤ ਚਾਰ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕੀਤੀ ਹੈ। ਬਾਕੀ ਮੁਅੱਤਲ ਕੀਤੇ ਤਿੰਨ ਪੁਲੀਸ ਮੁਲਾਜ਼ਮਾਂ ਵਿੱਚ ਹੌਲਦਾਰ ਦਰਸ਼ਨ ਸਿੰਘ, ਹੌਲਦਾਰ ਜਸਕਰਨ ਸਿੰਘ ਅਤੇ ਹੌਲਦਾਰ ਸਤਬੀਰ ਸਿੰਘ ਸ਼ਾਮਲ ਹਨ। ਇਹ ਕਾਰਵਾਈ ਮੁਹਾਲੀ ਦੇ ਐੱਸਪੀ (ਸਿਟੀ) ਅਤੇ ਡੀਐੱਸਪੀ (ਡੀ) ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਨ੍ਹਾਂ ਪੁਲੀਸ ਮੁਲਾਜ਼ਮਾਂ ’ਤੇ ਡਿਊਟੀ ਦੌਰਾਨ ਸ਼ਰਾਬ ਦਾ ਸੇਵਨ ਕਰਨ ਦਾ ਦੋਸ਼ ਹੈ। ਇਸ ਸਬੰਧੀ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਪਰ ਹਾਲੇ ਤੱਕ ਪੁਲੀਸ ਨੂੰ ਇਸ ਦੀ ਰਿਪੋਰਟ ਨਹੀਂ ਮਿਲੀ। ਜ਼ਿਲ੍ਹਾ ਅਧਿਕਾਰੀਆਂ ਵੱਲੋਂ ਐੱਸਐੱਸਪੀ ਨੂੰ ਭੇਜੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 9 ਅਕਤੂਬਰ ਨੂੰ ਰਾਤ ਸਮੇਂ ਨਿਊ ਸੰਨੀ ਐਨਕਲੇਵ ਦੇ ਇੱਕ ਹੋਟਲ ਵਿੱਚ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਸਬੰਧੀ ਪਾਰਟੀ ਚੱਲ ਰਹੀ ਸੀ। ਮੇਨ ਗੇਟ ’ਤੇ ਚੈਕਿੰਗ ਡਿਊਟੀ ਦੌਰਾਨ ਹੌਲਦਾਰ ਜਸਕਰਨ ਸਿੰਘ, ਦਰਸ਼ਨ ਸਿੰਘ ਅਤੇ ਸਤਬੀਰ ਸਿੰਘ ਤਾਇਨਾਤ ਸਨ। ਉੱਥੇ ਸਾਰੇ ਮੁਲਾਜ਼ਮਾਂ ਲਈ ਵੱਖਰੇ ਤੌਰ ’ਤੇ ਖਾਣਾ ਲਗਾਇਆ ਹੋਇਆ ਸੀ ਪਰ ਇਹ ਤਿੰਨੇ ਮੁਲਾਜ਼ਮ ਬਿਨਾਂ ਦੱਸੇ ਆਪਣੀ ਮਰਜ਼ੀ ਨਾਲ ਮੇਨ ਫੰਕਸ਼ਨ ਵਾਲੇ ਪੰਡਾਲ ਵਿੱਚ ਚਲੇ ਗਏ ਤੇ ਉੱਥੇ ਉਨ੍ਹਾਂ ਸ਼ਰਾਬ ਪੀਤੀ। ਡਿਊਟੀ ਵਿੱਚ ਕੁਤਾਹੀ ਵਰਤਣ ਅਤੇ ਸ਼ਰਾਬ ਪੀਣ ਦੇ ਦੋਸ਼ ਹੇਠ ਇਨ੍ਹਾਂ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਖਰੜ ਕੈਂਪਸ ਤੋਂ ਮੁਅੱਤਲ ਕਰ ਕੇ ਪੁਲੀਸ ਲਾਈਨ ਭੇਜਿਆ ਗਿਆ। ਇੱਥੇ ਸੁਪਰਵਾਈਜ਼ਰ ਵਜੋਂ ਤਾਇਨਾਤ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਹੈ।