ਵਾਸ਼ਿੰਗਟਨ, 17 ਅਪਰੈਲਅਮਰੀਕਾ ਦੇ ਇੰਡੀਆਨਾਪੋਲਿਸ ਰਾਜ ਵਿੱਚ ਫੈਡਐਕਸ ਕੰਪਨੀ ਦੇ ਇਕ ਕੰਪਲੈਕਸ ਵਿੱਚ ਹੋਈ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਚਾਰ ਸਿੱਖ ਸ਼ਾਮਲ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬਰੈਂਡਨ ਸਕੌਟ ਹੋਲ ਦੇ ਰੂਪ ਵਿਚ ਹੋਈ ਹੈ ਜਿਸ ਨੇ ਇੰਡੀਆਨਾਪੋਲਿਸ ਵਿਚ ਸਥਿਤ ਫੈਡਐਕਸ ਕੰਪਨੀ ਦੇ ਕੰਪਲੈਕਸ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਡਿਲਿਵਰੀ ਸੇਵਾ ਮੁਹੱਈਆ ਕਰਨ ਵਾਲੀ ਇਸ ਕੰਪਨੀ ਦੇ ਇਸ ਕੰਪਲੈਕਸ ਵਿੱਚ ਕੰਮ ਕਰਨ ਵਾਲੇ 90 ਫ਼ੀਸਦ ਤੋਂ ਵੱਧ ਕਰਮਚਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਹਨ। ਸਿੱਖ ਭਾਈਚਾਰੇ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਫੈਡਐਕਸ ਕੰਪਲੈਕਸ ਦੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਫੋਨ ’ਤੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਬੇਹੱਦ ਦੁੱਖ ਵਾਲੀ ਗੱਲ ਹੈ।’’ ਲੰਘੀ ਦੇਰ ਰਾਤ, ਮੈਰੀਅਨ ਕਾਊਂਟੀ ਕੋਰੋਨਰ ਦਫ਼ਤਰ ਅਤੇ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲੀਸ ਵਿਭਾਗ ਨੇ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਮ੍ਰਿਤਕਾਂ ਵਿਚ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ (48) ਅਤੇ ਜਸਵਿੰਦਰ ਸਿੰਘ (68) ਸ਼ਾਮਲ ਹਨ। ਇਕ ਹੋਰ ਸਿੱਖ ਵਿਅਕਤੀ ਹਰਪ੍ਰੀਤ ਸਿੰਘ ਗਿੱਲ (45) ਦੇ ਅੱਖ ਕੋਲ ਗੋਲੀ ਲੱਗੀ ਅਤੇ ਉਹ ਹੁਣੇ ਹਸਪਤਾਲ ਵਿਚ ਦਾਖ਼ਲ ਹੈ। -ਏਪੀ