ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਪਹਿਲੇ ਡੀਨ ਅਕਾਦਮਿਕ ਮਾਮਲੇ ਤੇ ਇਤਿਹਾਸ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਜੇ.ਐਸ.ਗਰੇਵਾਲ ਦੇ ਅਕਾਲ ਚਲਾਣੇ ’ਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੀਐੱਨਡੀਯੂ ਦੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੇ ਓ.ਐਸ.ਡੀ. ਪ੍ਰੋ. ਹਰਦੀਪ ਸਿੰਘ ਨੇ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਅਕਾਦਮਿਕ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰੋ.ਗਰੇਵਾਲ ਨੇ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਇਕ ਨਵਾਂ ਅਰਥ ਤੇ ਨਵੀਂ ਪਛਾਣ ਦਿੱਤੀ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਆਪਣੇ ਕਾਰਜਕਾਲ ਦੌਰਾਨ ਨਾ ਸਿਰਫ਼ ਆਪਣੇ ਖੋਜ ਕਾਰਜ ਪ੍ਰਕਾਸ਼ਿਤ ਕੀਤੇ ਸਗੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਉੱਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀਆਂ ਕਿਤਾਬਾਂ: ਦਿ ਸਿਖਜ਼ ਆਫ ਪੰਜਾਬ, ਮਾਸਟਰ ਤਾਰਾ ਸਿੰਘ ਇਨ ਇੰਡੀਅਨ ਹਿਸਟਰੀ, ਗੁਰੂ ਗੋਬਿੰਦ ਸਿੰਘ: ਮਾਸਟਰ ਆਫ ਵਾਈਟ ਹਾਅਕ ਆਦਿ ਦੇ ਨਾਂ ਵਰਣਨਯੋਗ ਹਨ। ਉਨ੍ਹਾਂ ਦੀਆਂ ਸੇਵਾਵਾਂ ਕਾਰਨ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਸਾਲ 2005 ਵਿੱਚ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਹ ਸ਼ਿਮਲਾ ਦੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਤੇ ਮਗਰੋਂ ਇਸ ਦੇ ਚੇਅਰਮੈਨ ਬਣੇ। -ਟਨਸ