ਪੱਤਰ ਪ੍ਰੇਰਕ
ਮਾਨਸਾ/ਗਿੱਦੜਬਾਹਾ, 6 ਦਸੰਬਰ
ਸੇਵਾਮੁਕਤ ਪੁਲੀਸ ਇੰਸਪੈਕਟਰ ਹਰਪਾਲ ਸਿੰਘ ਨੇ ਵਧੀਆ ਸੇਵਾਵਾਂ ਲਈ ਮਿਲੇ ਰਾਸ਼ਟਰਪਤੀ ਤਗ਼ਮੇ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਵਧੀਆ ਸੇਵਾਵਾਂ ਲਈ ਸਨਮਾਨਿਆ ਸੀ। ਇਸੇ ਤਰ੍ਹਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਆਪਣੇ ਇਹ ਦੋਵੇਂ ਮੈਡਲ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਆਪਣੇ ਪੱਤਰ ਵਿੱਚ ਹਰਪਾਲ ਸਿੰਘ ਨੇ ਲਿਖਿਆ ਹੈ ਕਿ ਉਹ ਆਪਣੇ ਦੋਵੇਂ ਮੈਡਲ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਦੇ ਰੋਸ ਵਜੋਂ ਵਾਪਸ ਕਰ ਰਹੇ ਹਨ। ਇਸੇ ਦੌਰਾਨ ਗਿੱਦੜਬਾਹਾ ਵਿੱਚ ਸਾਬਕਾ ਸੈਨਿਕ ਸ਼ੇਰੇ ਪੰਜਾਬ ਗਰੁੱਪ ਨੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਦੀ ਅਗਵਾਈ ਹੇਠ 9 ਦਸੰਬਰ ਨੂੰ ਆਪਣੇ ਐਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਨਗੇ।