ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੂਨ
ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਹੁਣ ਉਸ ਦੇ ਮਿੱਤਰ ਦੇ ਫੋਨ ’ਤੇ ਧਮਕੀ ਦੇ ਕੇ ਪੰਜ ਲੱਖ ਰੁਪਏ ਫਿਰੌਤੀ ਮੰਗੀ ਗਈ ਹੈ। ਇਸ ਸਬੰਧ ਵਿਚ ਥਾਣਾ ਅਜਨਾਲਾ ਵਿਚ 19 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਕੋਲ ਇਹ ਸ਼ਿਕਾਇਤ ਰਾਕੇਸ਼ ਬੇਦੀ ਵੱਲੋਂ ਦਰਜ ਕਰਾਈ ਗਈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਅਠਾਰਾਂ ਜੂਨ ਨੂੰ ਉਸ ਦੇ ਵੱਟਸਐਪ ਨੰਬਰ ’ਤੇ ਰਿਕਾਰਡਿੰਗ ਭੇਜੀ ਗਈ ਜਿਸ ਵਿਚ ਬੋਲਣ ਵਾਲੇ ਨੇ ਆਪਣੇ ਆਪ ਨੂੰ ਵਿੱਕੀ ਬਰਾੜ ਦੱਸਦਿਆਂ ਕਿਹਾ ਕਿ ਉਹ ਆਪਣੇ ਵਿਧਾਇਕ ਨੂੰ ਸੁਨੇਹਾ ਦੇ ਦੇਵੇ ਕਿ ਉਸ ਕੋਲੋਂ ਪੰਜ ਲੱਖ ਰੁਪਏ ਚਾਹੀਦੇ ਹਨ। ਜੇ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਪੰਜ ਲੱਖ ਰੁਪਏ ਤਿਆਰ ਰੱਖੇ। ਧਮਕੀ ਦੇਣ ਵਾਲੇ ਨੇ ਸ਼ਿਕਾਇਤਕਰਤਾ ਕੋਲੋਂ ਵੀ ਪੰਜ ਲੱਖ ਰੁਪਏ ਫਿਰੌਤੀ ਮੰਗਦਿਆਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਪਹਿਲਾਂ ਬੋਨੀ ਅਜਨਾਲਾ ਵੱਲੋਂ 18 ਜੂਨ ਨੂੰ ਇੱਥੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਥਾਣੇ ’ਚ ਅਜਿਹੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕਿ ਭਿੰਦਾ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਦੱਸਦਿਆਂ ਢਾਈ ਲੱਖ ਰੁਪਏ ਫਿਰੌਤੀ ਮੰਗੀ ਹੈ। ਸਾਬਕਾ ਵਿਧਾਇਕ ਨੇ ਦਰਖਾਸਤ ਕਰਦਿਆਂ ਆਪਣੀ ਤੇ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਲਈ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਹ ਇਕ ਅਜਿਹੇ ਹੀ ਧਮਕੀ ਭਰੇ ਫੋਨ ਬਾਰੇ ਪੁਲੀਸ ਕੋਲ ਸ਼ਿਕਾਇਤ ਕਰ ਚੁੱਕੇ ਹਨ।