ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ
ਐੱਸਏਐੱਸ ਨਗਰ/ਖਰੜ, 25 ਮਈ
ਜ਼ਿਲ੍ਹਾ ਪੁਲੀਸ ਨੇ ਐੱਸਪੀ (ਦਿਹਾਤੀ) ਮਨਜੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਵਿਦੇਸ਼ ਰਹਿੰਦੇ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਦੇ ਪੰਜ ਕਰੀਬੀਆਂ ਲਵਜੀਤ ਸਿੰਘ ਉਰਫ਼ ਲਵ ਵਾਸੀ ਪਿੰਡ ਗੰਢੀਵਿੰਡ ਤਰਨ ਤਾਰਨ, ਅਕਾਸ਼ਦੀਪ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪੱਤਣ ਤਰਨ ਤਾਰਨ, ਗੁਰਜੰਟ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਪਿੰਡ ਸ਼ਾਹਪੁਰ ਅਮਲੋਹ ਜ਼ਿਲ੍ਹਾ ਪਟਿਆਲਾ, ਪਰਮਵੀਰ ਸਿੰਘ ਵਾਸੀ ਪਿੰਡ ਗਹਿਲੇਵਾਲ ਲੁਧਿਆਣਾ ਅਤੇ ਸੁਨੀਲ ਕੁਮਾਰ ਉਰਫ਼ ਬਚੀ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮ 22 ਤੋਂ 25 ਸਾਲ ਦੀ ਉਮਰ ਦੇ ਹਨ।
ਅੱਜ ਇੱਥੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸੂਹ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਸੱਤ ਪਿਸਤੌਲ, 7 ਮੈਗਜ਼ੀਨ, ਏਕੇ-47 ਦਾ ਮੈਗਜ਼ੀਨ, 45 ਕਾਰਤੂਸ ਅਤੇ ਕੁਝ ਨਗਦ ਰਾਸ਼ੀ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਜਾਅਲੀ ਨੰਬਰ ਪਲੇਟਾਂ ਵਾਲੀਆਂ ਦੋ ਲਗਜ਼ਰੀ ਗੱਡੀਆਂ ਬੋਲੇਰੋ ਅਤੇ ਟਾਟਾ ਸਫ਼ਾਰੀ ਵੀ ਬਰਾਮਦ ਹੋਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਦੀ ਯੋਜਨਾ ਵੀ ਗੈਂਗਸਟਰ ਲਖਵੀਰ ਲੰਡਾ ਨੇ ਘੜੀ ਸੀ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀਆਂ ਮੰਗਣ, ਕਤਲ ਅਤੇ ਲੁੱਟਾਂ-ਖੋਹਾਂ ਸਮੇਤ ਹੋਰ ਸੰਗੀਨ ਅਪਰਾਧਕ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਹ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਕਿਸੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਗਰੋਹ ਨੇ ਬੀਤੀ 20 ਅਪਰੈਲ ਨੂੰ ਲੰਡਾ ਦੇ ਕਹਿਣ ’ਤੇ ਹੀ ਪਿੰਡ ਖਾਲੜਾ ਵਿੱਚ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸਨ। ਇੱਕ ਹਫ਼ਤੇ ਮਗਰੋਂ 28 ਅਪਰੈਲ ਨੂੰ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਦਿਆਲਪੁਰ ਵਿੱਚ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸਨ। ਬੀਤੀ 15 ਮਈ ਨੂੰ ਵੀ ਪਿੰਡ ਮੁਕਸ਼ਦਾਬਾਦ ਥਾਣਾ ਸਮਰਾਲਾ ਵਿੱਚ ਇਕ ਵਿਅਕਤੀ ਨੂੰ ਗੋਲੀਆਂ ਮਾਰੀਆਂ ਸਨ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।