ਦਵਿੰਦਰ ਪਾਲ
ਚੰਡੀਗੜ੍ਹ, 6 ਜੁਲਾਈ
ਪੰਜਾਬ ਵਿਚ ਕਰੋਨਾਵਾਇਰਸ ਨਾਲ ਲੁਧਿਆਣਾ, ਸੰਗਰੂਰ ਅਤੇ ਮੁਕਤਸਰ ਵਿਚ ਅੱਜ 5 ਵਿਅਕਤੀਆਂ ਦੀ ਮੌਤ ਹੋ ਗਈ। ਲੁਧਿਆਣਾ ਵਿੱਚ 3 ਅਤੇ ਹੋਰਨਾਂ ਜ਼ਿਲ੍ਹਿਆਂ ਵਿਚ ਇੱਕ-ਇੱਕ ਵਿਅਕਤੀ ਮਹਾਮਾਰੀ ਦੀ ਭੇਟ ਚੜ੍ਹਿਆ ਹੈ। ਸੂਬੇ ਵਿੱਚ ਹੁਣ ਤੱਕ ਵਾਇਰਸ ਨਾਲ 169 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 208 ਸੱਜਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੀ 6491 ਤੱਕ ਪਹੁੰਚ ਗਈ ਹੈ। ਪੰਜਾਬ ਦੇ 5 ਜ਼ਿਲ੍ਹਿਆਂ ਸੰਗਰੂਰ, ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਮੁਹਾਲੀ ਦੇ ਕੁੱਝ ਖੇਤਰਾਂ ’ਚ ਵਾਇਰਸ ਦੀ ਲਾਗ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਿਆਂ ਦੇ 20 ਖੇਤਰਾਂ ਜਿਨ੍ਹਾਂ ਵਿੱਚ ਮੁਹੱਲੇ, ਵਾਰਡ ਅਤੇ ਪਿੰਡ ਸ਼ਾਮਲ ਹਨ ਨੂੰ ‘ਕੰਟੇਨਮੈਂਟ ਜ਼ੋਨ’ ਐਲਾਨ ਦਿੱਤਾ ਗਿਆ ਹੈ। ਸਭ ਤੋਂ ਵੱਧ ਜਲੰਧਰ ਵਿੱਚ 84, ਲੁਧਿਆਣਾ ਵਿੱਚ 25, ਪਟਿਆਲਾ ਵਿੱਚ 19, ਮੁਹਾਲੀ ਵਿੱਚ 15, ਗੁਰਦਾਸਪੁਰ ਵਿੱਚ 12, ਅੰਮ੍ਰਿਤਸਰ ਵਿੱਚ 11, ਸੰਗਰੂਰ ਵਿੱਚ 9, ਫਰੀਦਕੋਟ ਵਿੱਚ 7, ਮੁਕਤਸਰ ਵਿੱਚ 6, ਕਪੂਰਥਲਾ ਅਤੇ ਬਠਿੰਡਾ ਵਿੱਚ 5-5, ਪਟਿਆਲਾ, ਫਤਿਹਗੜ੍ਹ ਸਾਹਿਬ ਵਿੱਚ 4, ਪਠਾਨਕੋਟ ਵਿੱਚ 3, ਨਵਾਂਸ਼ਹਿਰ, ਮਾਨਸਾ ਅਤੇ ਫਿਰੋਜ਼ਪੁਰ ਵਿੱਚ 1-1 ਨਵੇਂ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 24 ਘੰਟਿਆਂ ਦੌਰਾਨ 86 ਵਿਅਕਤੀ ਸਿਹਤਯਾਬ ਵੀ ਹੋਏ ਹਨ ਤੇ ਹੁਣ ਤੱਕ 4494 ਵਿਅਕਤੀ ਕਰੋਨਾ ਤੋਂ ਉੱਭਰੇ ਹਨ।
ਸਿਹਤ ਵਿਭਾਗ ਮੁਤਾਬਕ ਹੁਣ ਤੱਕ 3 ਲੱਖ 42 ਹਜ਼ਾਰ 524 ਸੈਂਪਲ ਲਏ ਗਏ ਹਨ। ਸਿਹਤ ਕੇਂਦਰਾਂ ਵਿੱਚ ਇਸ ਵੇਲੇ 1828 ਵਿਅਕਤੀ ਇਲਾਜ ਅਧੀਨ ਹਨ। ਇਨ੍ਹਾਂ ਵਿੱਚੋਂ 52 ਨੂੰ ਆਕਸੀਜ਼ਨ ਅਤੇ 6 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਲੁਧਿਆਣਾ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 1104 ਤੱਕ ਪਹੁੰਚ ਗਿਆ ਹੈ ਤੇ ਇਸ ਜ਼ਿਲ੍ਹੇ ਵਿੱਚ ਹੁਣ ਤੱਕ 27 ਮੌਤਾਂ ਹੋ ਚੁੱਕੀਆਂ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 968 ਤੇ ਮਰਨ ਵਾਲਿਆਂ ਦੀ ਗਿਣਤੀ 48 ਹੈ। ਜਲੰਧਰ ਵਿੱਚ 21 ਅਤੇ ਸੰਗਰੂਰ ਵਿੱਚ 15 ਵਿਅਕਤੀ ਇਸ ਮਾਹਮਾਰੀ ਕਾਰਨ ਜ਼ਿੰਦਗੀਆਂ ਗੁਆ ਚੁੱਕੇ ਹਨ।
ਆਈਆਈਟੀ-ਰੋਪੜ ਵੱਲੋਂ ਕੋਵਿਡ-19 ਮਰੀਜ਼ਾਂ ਲਈ ਵੈਂਟੀਲੇਸ਼ਨ ਸਹੂਲਤ ਵਿਕਸਿਤ
ਚੰਡੀਗੜ੍ਹ: ਆਈਆਈਟੀ-ਰੋਪੜ ਦੇ ਖੋਜਕਰਤਾਵਾਂ ਨੇ ਸਾਈਜ਼ ’ਚ ਛੋਟੀ ਤੇ ਕਿਫ਼ਾਇਤੀ ਵੈਂਟੀਲੇਸ਼ਨ ਮਸ਼ੀਨ ਵਿਕਸਿਤ ਕੀਤੀ ਹੈ ਜੋ ਕਿ ਕੋਵਿਡ-19 ਮਰੀਜ਼ਾਂ ਲਈ ਸਹਾਈ ਹੋਵੇਗੀ। ਇਸ ਰਾਹੀਂ ਘੱਟ ਗੰਭੀਰ ਕੋਵਿਡ ਮਰੀਜ਼ਾਂ ਨੂੰ ਮਦਦ ਦਿੱਤੀ ਜਾ ਸਕੇਗੀ। ‘ਬਾਇਲੈਵਲ ਪਾਜ਼ੇਟਿਵ ਏਅਰਵੇਅ ਪ੍ਰੈਸ਼ਰ’ ਮਸ਼ੀਨ ਨੂੰ ਦੂਰ-ਦਰਾਜ ਦੇ ਇਲਾਕਿਆਂ ਵਿਚ ਆਸਾਨੀ ਨਾਲ ਜੋੜ ਕੇ ਵਰਤਿਆ ਜਾ ਸਕੇਗਾ। ਇਸ ਨੂੰ ਪਿੰਡਾਂ ਤੇ ਘਰਾਂ ਵਿਚ ਵੀ ਵਰਤਿਆ ਜਾ ਸਕਦਾ ਹੈ। ਇਕ ਯੂਨਿਟ ਕਈ ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ। ਮਸ਼ੀਨ ਆਈਆਈਟੀ ਦੇ ਮੈਟਾਲਰਜੀਕਲ ਤੇ ਮਟੀਰੀਅਲਜ਼ ਇੰਜਨੀਅਰਿੰਗ ਵਿਭਾਗ ਦੀ ਨੇਹਾ ਸਰਦਾਨਾ ਤੇ ਖੋਜਾਰਥੀ ਗੌਰਵ ਪਾਲ ਨੇ ਤਿਆਰ ਕੀਤੀ ਹੈ।
-ਪੀਟੀਆਈ