ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਮਈ
ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਪਿਛਲੇ ਵਰ੍ਹੇ 23 ਦਸੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਨੇ ਇੱਕ ਨਾਬਾਲਗ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਕੀਤੀ ਜਾ ਰਹੀ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਆਈਜੀ ਮੋਨੀਸ਼ ਚਾਵਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਵਿੰਦਰ ਸਿੰਘ ਉਰਫ਼ ਭੋਲਾ, ਹਰਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਧਨੋਏ ਖੁਰਦ, ਦਿਲਬਾਗ ਸਿੰਘ ਉਰਫ਼ ਬਗੋ ਵਾਸੀ ਪਿੰਡ ਚੱਕ ਅੱਲਾ ਬਖ਼ਸ਼ ਤੇ ਸਰਮੁਖ ਸਿੰਘ ਵਾਸੀ ਪਿੰਡ ਪੰਜੂਕਲਾਲ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦਾ ਪੰਜਵਾਂ ਸਾਥੀ ਨਾਬਾਲਗ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਲਖਬੀਰ ਸਿੰਘ ਲੱਖਾ ਤੇ ਉਸ ਦਾ ਸਾਥੀ (ਨਾਬਾਲਗ) ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ ਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਵਿੱਚ ਹਨ। ਇਸ ਸਬੰਧੀ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਲੱਖੇ ਤੇ ਉਸ ਦੇ ਸਾਥੀ ਨੇ ਪੁੱਛ-ਗਿੱਛ ਦੌਰਾਨ ਹੋਰਨਾਂ ਸਾਥੀਆਂ ਬਾਰੇ ਦੱਸਿਆ। ਇਸ ਸਬੰਧੀ ਗ੍ਰਿਫ਼ਤਾਰ ਕੀਤੇ ਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਨੇ ਖੁਲਾਸਾ ਕੀਤਾ ਹੈ ਕਿ 12 ਮਈ ਦੀ ਰਾਤ ਨੂੰ ਲਾਹੌਰ ਰਹਿੰਦੇ ਤਸਕਰ ਹਾਜੀ ਅਕਰਮ ਵੱਲੋਂ ਉਨ੍ਹਾਂ ਨੂੰ ਕਿੱਲੋ ਹੈਰੋਇਨ ਭੇਜੀ ਗਈ ਸੀ। ਐੱਸਟੀਐੱਫ ਨੇ ਇਹ ਨਸ਼ੀਲਾ ਪਦਾਰਥ ਵੀ ਬਰਾਮਦ ਕਰ ਲਿਆ। ਦਿਲਬਾਗ ਸਿੰਘ ਕੋਲੋਂ ਦੋ ਪਾਕਿਸਤਾਨੀ ਸਿਮ ਵੀ ਬਰਾਮਦ ਹੋਏ ਹਨ। ਪੁੱਛ-ਪੜਤਾਲ ਦੌਰਾਨ ਹੀ ਦਿਲਬਾਗ ਸਿੰਘ ਨੇ ਲੁਧਿਆਣਾ ਬੰਬ ਧਮਾਕੇ ਵਿੱਚ ਆਪਣੀ ਸ਼ਮੂਲੀਅਤ ਬਾਰੇ ਦੱਸਿਆ ਹੈ। ਇਸ ਧਮਾਕੇ ਲਈ ਧਮਾਕਾਖੇਜ਼ ਸਮੱਗਰੀ ਵਜੋਂ ਆਈਈਡੀ ਦੀ ਵਰਤੋਂ ਕੀਤੀ ਗਈ ਸੀ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ ਤੇ ਦਿਲਬਾਗ ਸਿੰਘ ਨੇ ਪ੍ਰਾਪਤ ਕਰਕੇ ਕੀਤੀ ਸੀ। ਇਸ ਮਗਰੋਂ ਸਰਮੁਖ ਸਿੰਘ ਨੂੰ ਦਿੱਤੀ, ਜੋ ਮਗਰੋਂ ਗਗਨਦੀਪ ਕੋਲ ਪਹੁੰਚੀ। ਗਗਨਦੀਪ ਪੁਲੀਸ ਦਾ ਬਰਖਾਸਤ ਕਰਮਚਾਰੀ ਸੀ, ਜੋ ਧਮਾਕੇ ਵਿੱਚ ਮਾਰਿਆ ਗਿਆ ਸੀ। ਸਰਮੁਖ ਪਹਿਲਾਂ ਵੀ ਵਿਸਫੋਟਕ ਸਮੱਗਰੀ ਸਣੇ ਗ੍ਰਿਫ਼ਤਾਰ ਹੋਇਆ ਸੀ ਤੇ ਹੁਣ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਬਾਲਗ ਲੜਕੇ ਨੂੰ ਮੋਬਾਈਲ ਫੋਨ ’ਤੇ ਇੰਟਰਨੈੱਟ ਦੀ ਵਰਤੋਂ ਵਾਸਤੇ ਹੀ ਵਰਤਿਆ ਜਾਂਦਾ ਸੀ।