ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਦਨ ’ਚ ਪੰਜਾਬ ਦੀ ਵਿੱਤੀ ਸਥਿਤੀ ਬਾਰੇ ਵਾਈਟ ਪੇਪਰ ਪੇਸ਼ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਸਾਹਮਣੇ ਸੂਬੇ ਦੇ ਆਰਥਿਕ ਹਾਲਾਤ ਰੱਖ ਰਹੇ ਹਨ ਤੇ ਪਿਛਲੇ ਸਮਿਆਂ ’ਚ ਇਨ੍ਹਾਂ ਤੱਥਾਂ ਨੂੰ ਲੁਕੋਇਆ ਜਾਂਦਾ ਰਿਹਾ ਹੈ। ਵਿੱਤ ਮੰਤਰੀ ਚੀਮਾ ਨੇ ਪੰਜਾਬ ਦੇ ਮੌਜੂਦਾ ਹਾਲਾਤ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਵਾਈਟ ਪੇਪਰ ਅਨੁਸਾਰ ਪੰਜਾਬ ਸਿਰ ਇਸ ਵੇਲੇ 2.63 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਲੰਘੇ ਪੰਜ ਵਰ੍ਹਿਆਂ ਵਿੱਚ ਕਰਜ਼ੇ ’ਚ 44.23 ਫ਼ੀਸਦੀ ਦਾ ਵਾਧਾ ਹੋਇਆ ਹੈ। ਪ੍ਰਤੀ ਵਿਅਕਤੀ ਆਮਦਨ ਵਿੱਚ ਸਿਖਰ ’ਤੇ ਰਹਿਣ ਵਾਲਾ ਪੰਜਾਬ ਅੱਜ ਰੈਂਕਿੰਗ ਵਿਚ 11ਵੇਂ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਗੁਆਂਢੀ ਸੂਬਿਆਂ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਵਾਈਟ ਪੇਪਰ ’ਚ ਚੌਕਸ ਕੀਤਾ ਗਿਆ ਹੈ ਕਿ ਪੰਜਾਬ ਪਤਨ ਵੱਲ ਵੱਧ ਰਿਹਾ ਹੈ। ਪੰਜਾਬ ਦੇ ਮਾਲੀਏ ਵਿੱਚ ਵੀ ਕਟੌਤੀ ਹੋਈ ਹੈ ਅਤੇ ਲੰਘੇ ਇੱਕ ਦਹਾਕੇ ’ਚ ਰਾਜ ਦਾ ਆਪਣਾ ਮਾਲੀਆ ਕਰ 72 ਫ਼ੀਸਦੀ ਤੋਂ ਘੱਟ ਕੇ 48 ਫ਼ੀਸਦੀ ਰਹਿ ਗਿਆ ਹੈ। ਪੰਜਾਬ ਸਿਰ 1980-81 ਵਿੱਚ 1009 ਕਰੋੜ ਦਾ ਕਰਜ਼ਾ ਸੀ ਜੋ ਕਿ 2011-12 ’ਚ 83,099 ਕਰੋੜ ਰੁਪਏ ਹੋ ਗਿਆ। 2.63 ਲੱਖ ਕਰੋੜ ਦੇ ਕਰਜ਼ੇ ਤੋਂ ਇਲਾਵਾ ਬੋਰਡਾਂ ਤੇ ਨਿਗਮਾਂ ਆਦਿ ਦਾ 55 ਹਜ਼ਾਰ ਕਰੋੜ ਦਾ ਕਰਜ਼ਾ ਹੈ ਜਿਸ ’ਚੋਂ ਕਰੀਬ 22,250 ਕਰੋੜ ਦੀ ਗਾਰੰਟੀ ਸੂਬਾ ਸਰਕਾਰ ਨੇ ਦਿੱਤੀ ਹੋਈ ਹੈ। ਕੈਸ਼ ਕਰੈਡਿਟ ਲਿਮਟ ਦੇ ਪਾੜੇ ਨੂੰ ਕਰਜ਼ੇ ’ਚ ਤਬਦੀਲ ਕਰਨ ਕਰਕੇ ਸਤੰਬਰ 2034 ਤੱਕ 3240 ਕਰੋੜ ਦੇ ਸਾਲਾਨਾ ਕਰਜ਼ੇ ਦੀ ਦੇਣਦਾਰੀ ਵੀ ਵੱਡਾ ਬੋਝ ਬਣ ਰਹੀ ਹੈ।
ਵਾਈਟ ਪੇਪਰ ਆਸਰੇ ਵਾਅਦਿਆਂ ਤੋਂ ਭੱਜਣਾ ਚਾਹੁੰਦੀ ਹੈ ‘ਆਪ’: ਢੀਂਡਸਾ
ਪਟਿਆਲਾ (ਖੇਤਰੀ ਪ੍ਰਤੀਨਿਧ): ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ‘ਆਪ’ ਵੱਲੋਂ ਵਿਧਾਨ ਸਭਾ ਸ਼ੈਸਨ ਵਿੱਚ ਪੇਸ਼ ਕੀਤੇ ਵ੍ਹਾਈਟ ਪੇਪਰ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਇਸ ਵ੍ਹਾਈਟ ਪੇਪਰ ਨੂੰ ਆਧਾਰ ਬਣਾ ਕੇ ਆਪਣੇ ਚੋਣ ਵਾਅਦਿਆਂ ਤੋਂ ਭੱਜਣਾ ਚਾਹੁੰਦੀ ਹੈ। ਸ੍ਰੀ ਢੀਂਡਸਾ ਨੇ ਦੱਸਿਆ ਕਿ ਵ੍ਹਾਈਟ ਪੇਪਰ ਵਿੱਚ ਸੂਬੇ ਦੇ ਮੌਜੂਦਾ ਆਰਥਿਕ ਹਾਲਤਾਂ ਬਾਰੇ ਦੱਸਿਆ ਜਾਂਦਾ ਹੈ, ਇਸ ਵਿੱਚ ਇਹ ਦੱਸਣਾ ਹੁੰਦਾ ਹੈ ਕਿ ਸੂਬਾ ਕਿਸ ਆਰਥਿਕ ਦਰ ਨਾਲ ਵਿਕਾਸ ਕਰ ਰਿਹਾ ਹੈ।