ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਟਿਕਰੀ ਹੱਦ ’ਤੇ ਸੰਘਰਸ਼ ਵਿਚ ਯੋਗਦਾਨ ਪਾਉਣ ਗਏ ਕਿਸਾਨ ਦਰਬਾਰਾ ਸਿੰਘ (60) ਵਾਸੀ ਪਿੰਡ ਭੁਟਾਲ ਕਲਾਂ ਦੀ ਸਿਹਤ ਵਿਗੜਨ ਕਾਰਨ ਪਿੰਡ ਪਰਤਣ ’ਤੇ ਅੱਜ ਸਵੇਰੇ ਮੌਤ ਹੋ ਗਈ। ਪਿੰਡ ਦੇ ਸਰਪੰਚ ਰਾਜ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਾਗੜੀ ਨੇ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਹੋਰ ਕਿਸਾਨਾਂ ਸਮੇਤ ਟਿਕਰੀ ਹੱਦ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਗਿਆ ਸੀ। ਉਨ੍ਹਾਂ ਕਿਹਾ ਕਿ ਦਰਬਾਰਾ ਸਿੰਘ ਛੋਟਾ ਕਿਸਾਨ ਸੀ ਤੇ ਉਸ ਦੀ ਪਤਨੀ ਮੁਖਤਿਆਰ ਕੌਰ ਲੰਮੀ ਬਿਮਾਰੀ ਕਾਰਨ ਕਈ ਸਾਲਾਂ ਤੋਂ ਮੰਜੇ ’ਤੇ ਪਈ ਹੈ।
ਦਰਬਾਰਾ ਸਿੰਘ ਦੀ ਨੂੰਹ ਪਰਮਜੀਤ ਕੌਰ ਦਾ ਵੀ ਇੱਕ ਲੱਤ ਵਿਚ ਨੁਕਸ ਹੋ ਜਾਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ। ਘਰੇਲੂ ਬਿਮਾਰੀਆਂ ਕਾਰਨ ਇਲਾਜ ਅਧੀਨ ਦਰਬਾਰਾ ਸਿੰਘ ਦਾ ਪਿਛਲੇ ਸਮੇਂ ਵਿੱਚ ਅੱਠ-ਦਸ ਲੱਖ ਰੁਪਿਆ ਖਰਚ ਹੋ ਚੁੱਕਿਆ ਹੈ। ਘਰੇਲੂ ਪਰੇਸ਼ਾਨੀਆਂ ਦੇ ਬਾਵਜੂਦ ਦਰਬਾਰਾ ਸਿੰਘ ਪਿਛਲੇ ਕਈ ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤੇ ਪ੍ਰੋਗਰਾਮਾਂ ਵਿੱਚ ਤਨਦੇਹੀ ਨਾਲ ਬਣਦਾ ਯੋਗਦਾਨ ਪਾ ਰਿਹਾ ਸੀ। ਇਸ ਮੌਕੇ ਪਿੰਡ ਦੇ ਸਰਪੰਚ ਰਾਜ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਾਗੜੀ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਕਰਨੈਲ ਸਿੰਘ ਗਨੋਟਾ, ਕਿਸਾਨ ਆਗੂ ਸੁਖਦੇਵ ਸ਼ਰਮਾ ਹਰਭਗਵਾਨ ਸਿੰਘ, ਜੀਵਨ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਧੰਨਾ ਸਿੰਘ ਸਮੇਤ ਕਿਸਾਨ ਆਗੂਆਂ ਨੇ ਦਰਬਾਰਾ ਸਿੰਘ ਨੂੰ ਕਿਸਾਨ ਅੰਦੋਲਨ ਦਾ ਸ਼ਹੀਦ ਕਰਾਰ ਦਿੰਦਿਆਂ ਉਸ ਦੀ ਦੇਹ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਵਿੱਚ ਲਪੇਟ ਕੇ ਸਸਕਾਰ ਕੀਤਾ ਗਿਆ ਤੇ ਸ਼ਹੀਦ ਦਰਬਾਰਾ ਸਿੰਘ ਨੂੰ ਲਾਲ ਸਲਾਮ ਦੇ ਨਾਅਰੇ ਗੂੰਜਾਏ।
ਕਿਸਾਨ ਆਗੂਆਂ ਨੇ ਸਰਕਾਰ ਕੋਲੋਂ ਦਰਬਾਰਾ ਸਿੰਘ ਦੇ ਪਰਿਵਾਰ ਲਈ ਦਸ ਲੱਖ ਦਾ ਮੁਆਵਜ਼ਾ ਅਤੇ ਕਰਜ਼ਾ ਮੁਆਫ਼ੀ ਅਤੇ ਪਰਿਵਾਰ ਦੇ ਇਕ ਜੀਅ ਲਈ ਸਰਕਾਰੀ ਨੌਕਰੀ ਦੀ ਸਰਕਾਰ ਕੋਲੋਂ ਮੰਗ ਕੀਤੀ। ਪਿੰਡ ਵਾਸੀਆਂ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ ਸ਼ਹੀਦ ਕਿਸਾਨ ਨੂੰ ਅੰਤਿਮ ਵਿਦਾਇਗੀ ਦਿੱਤੀ।