ਜੋਗਿੰਦਰ ਸਿੰਘ ਮਾਨ
ਮਾਨਸਾ, 31 ਮਈ
ਖੇਤਾਂ ਦਾ ਪੁੱਤ 4ਖੇਤਾਂ ਵਿੱਚ ਲੀਨ ਹੋ ਗਿਆ। ਪਿੰਡ ਮੂਸੇ ਦੇ ਰੇਤਲੇ ਟਿੱਬਿਆਂ ਦੀ ਮਿੱਟੀ ਨੂੰ ਹਮੇਸ਼ਾ ਮੱਥੇ ਨਾਲ ਲਾ ਕੇ ਪਿਆਰ ਕਰਨ ਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੇ ਬੋਲ ਪੁਗਾ ਗਿਆ। ਨਾਮਵਾਰ ਗਾਇਕਾਂ ਵਾਂਗ ਦੇਸ਼-ਵਿਦੇਸ਼ ਵਿੱਚ ਡੇਰੇ ਲਾਉਣ ਦੀ ਥਾਂ ਉਹ ਖੇਤਾਂ ਵਿੱਚ ਟਰੈਕਟਰ ਚਲਾਉਂਦਾ ਰਿਹਾ।
ਸਿੱਧੂ ਮੂਸੇਵਾਲਾ ਦੀ ਸਾਦਗੀ, ਮਿਹਨਤ ਅਤੇ ਛੋਟੀ ਉਮਰੇ ਵੱਡੀ ਚੜ੍ਹਤ ਨੇ ਪਿੰਡ ਮੂਸਾ ਨੂੰ ਦੁਨੀਆ ਭਰ ਵਿੱਚ ਚਮਕਾ ਦਿੱਤਾ। ਮਾਪਿਆਂ ਵੱਲੋਂ ’ਕੱਲੇ ਪੁੱਤ ਨੂੰ ਇੰਝ ਵਿਦਾ ਕਰਨਾ ਅਤੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਭਾਵੁਕ ਕਰਨ ਵਾਲਾ ਸੀ।
ਸਿੱਧੂ ਮੂਸੇਵਾਲਾ ਅਕਸਰ ਹੀ ਲੰਬੇ ਵਾਲਾ ਕਰਕੇ ਮਾਂ ਤੋਂ ਜੂੜਾ ਕਰਵਾਉਣ ਦੀ ਗੱਲ ਕਰਦਾ ਸੀ। ਅੱਜ ਸਸਕਾਰ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਪੁੱਤ ਨੂੰ ਅੰਤਿਮ ਵਿਦਾਇਗੀ ਲਈ ਤਿਆਰ ਕਰਦਿਆਂ ਕੇਸਾਂ ਨੂੰ ਗੁੰਦਿਆ ਅਤੇ ਜੂੜਾ ਕੀਤਾ। ਇਹ ਮਾਂ ਕਦੇ ਸਕੂਲ ਜਾਂਦੇ ਪੁੱਤ ਸਿੱਧੂ ਮੂਸੇਵਾਲਾ ਦੇ ਸਿਰ ਦਾ ਜੂੜਾ ਕਰਦੀ ਹੁੰਦੀ ਸੀ ਅਤੇ ਅੱਜ ਜਹਾਨੋਂ ਜਾਂਦੇ ਪੁੱਤ ਦਾ ਆਖ਼ਰੀ ਵਾਰ ਜਦੋਂ ਜੂੜਾ ਕੀਤਾ ਤਾਂ ਉਥੇ ਮੌਜੂਦ ਹਜ਼ਾਰਾਂ ਲੋਕਾਂ ਦੇ ਹੰਝੂ ਵਹਿ ਤੁਰੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਦੋਂ ਪੁੱਤ ਦੇ ਆਖ਼ਰੀ ਵਾਰ ਸਿਰ ’ਤੇ ਨਾਭੀ ਰੰਗ ਦੀ ਪੱਗ ਬੰਨ੍ਹੀ ਅਤੇ ਮਾਂ ਨੇ ਸਿਹਰਾ ਸਜਾਇਆ ਤਾਂ ਗਾਇਕ ਐਮੀ ਵਿਰਕ, ਗਿੱਪੀ ਗਰੇਵਾਲ, ਮਾਨ ਕੋਰਵਾਲਾ, ਆਰ ਨੇਤ ਸਮੇਤ ਹੋਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਪਿਤਾ ਨੇ ਪੁੱਤ ਦੇ ਸ਼ੌਕ ਮੁਤਾਬਕ ਉਸ ਦੀਆਂ ਮੁੱਛਾਂ ਨੂੰ ਤਾਅ ਦਿੱਤਾ ਤਾਂ ਲੋਕ ਰੋਣ ਲੱਗ ਪਏ। ਉਸ ਦੇ ਪਿਤਾ ਨੇ ਕਿਹਾ, ‘‘ਸਾਰੀ ਉਮਰ ਪੁੱਤ ਨੇ ਮੁੱਛਾਂ ਖੜ੍ਹੀਆਂ ਰੱਖੀਆਂ ਹਨ, ਹੁਣ ਘਰੋਂ ਤੋਰਨ ਵੇਲੇ ਥੱਲੇ ਨਹੀਂ ਕਰਨੀਆਂ।’’
ਘਰ ਤੋਂ ਖੇਤਾਂ ਤੱਕ ਸਿੱਧੂ ਮੂਸੇਵਾਲਾ ਦੀ ਦੇਹ ਨੂੰ ਉਸ ਦੇ ਗੀਤਾਂ ਦੌਰਾਨ ਹਮੇਸ਼ਾਂ ਹੀ ਚਰਚਾ ’ਚ ਰਹੇ 5911 ਟਰੈਕਟਰ ਉਪਰ ਲਿਜਾਇਆ ਗਿਆ। ਇਸ ਵੇਲੇ ਮਾਹੌਲ ਉਸ ਵੇਲੇ ਹੋਰ ਵੀ ਭਾਵੁਕ ਹੋ ਗਿਆ, ਜਦੋਂ ਉਸ ਦੇ ਪਿਤਾ ਨੇ ਸਿਰ ਤੋਂ ਪੱਗ ਲਾਹ ਕੇ ਲੋਕਾਂ ਦਾ ਧੰਨਵਾਦ ਕੀਤਾ। ਸਾਬਕਾ ਫੌਜੀ ਬਲਕੌਰ ਸਿੰਘ ਦੀ ਲੋਕਾਂ ਦਾ ਸ਼ੁਕਰਾਨਾ ਕਰਦਿਆਂ ਆਵਾਜ਼ ਕੰਬ ਰਹੀ ਸੀ। ਜੇਠ-ਹਾੜ੍ਹ ਦੀ ਦੁਪਹਿਰੇ ਲੋਕਾਂ ਦਾ ਇਕੱਠ ਸਿੱਧੂ ਮੂਸੇਵਾਲਾ ਦੀ ਵੱਡੀ ਪ੍ਰਸਿੱਧੀ ਅਤੇ ਕਮਾਈ ਨੂੰ ਬਿਆਨਦਾ ਸੀ।