ਸੰਜੀਵ ਬੱਬੀ
ਚਮਕੌਰ ਸਾਹਿਬ, 19 ਜੁਲਾਈ
ਚਮਕੌਰ ਸਾਹਿਬ ਸ਼ਹਿਰ ਨੂੰ ਸਰਕਾਰ ਵੱਲੋਂ ਸੁੰਦਰੀਕਰਨ ਦੇ ਚੱਲ ਰਹੇ ਕੰਮਾਂ ਨੂੰ ਹੁਣ ਜਿਵੇਂ ਗ੍ਰਹਿਣ ਲੱਗਦਾ ਜਾ ਰਿਹਾ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸ਼ਹਿਰ ਦੇ 13 ਵਾਰਡਾਂ ਵਿੱਚ ਲੋਕਾਂ ਵੱਲੋਂ ਸੁੱਟੀ ਗੰਦਗੀ ਚੁੱਕ ਕੇ ਬੱਸ ਸਟੈਂਡ ਦੇ ਪਿਛਲੇ ਪਾਸੇ ਸੁੱਟੀ ਜਾ ਰਹੀ ਹੈ ਜਿਸ ਕਾਰਨ ਚੱਲ ਰਹੇ ਬਰਸਾਤ ਦੇ ਮੌਸਮ ਦੌਰਾਨ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ।
ਇਸ ਗੰਦਗੀ ਕੋਲੋਂ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਕਿਉਂਕਿ ਗਰਮੀ ਹੋਣ ਕਾਰਨ ਗੰਦਗੀ ਵਿੱਚੋਂ ਭਾਰੀ ਬਦਬੂ ਆ ਰਹੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕੋਲੋਂ ਲੰਘਦੇ ਸਮੇ ਮੂੰਹ ’ਤੇ ਰੁਮਾਲ ਰੱਖ ਕੇ ਜਾਣਾ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਜਿਸ ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਉਥੋਂ ਕੁਝ ਦੂਰੀ ’ਤੇ ਜਲ ਸਪਲਾਈ ਵਿਭਾਗ ਦੇ ਦਫਤਰ ਸਮੇਤ ਪ੍ਰਾਇਮਰੀ ਤੇ ਸਰਕਾਰੀ ਕੰਨਿਆ ਸਕੂਲ ਸਥਿਤ ਹਨ, ਪਰ ਦਿਨੋਂ ਦਿਨ ਗੰਦਗੀ ਦੇ ਢੇਰ ਵੱਧਦੇ ਹੀ ਜਾ ਰਹੇ ਹਨ, ਜਿਸ ਕਾਰਨ ਇਨ੍ਹਾਂ ਗੰਦਗੀ ਦੇ ਢੇਰਾਂ ਦੀ ਬਦਬੂ ਸਕੂਲਾਂ ਤੱਕ ਵੀ ਪਹੁੰਚ ਰਹੀ ਹੈ। ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ ਹੋਰ ਮੁਲਾਜ਼ਮ ਵੀ ਇਸ ਰਸਤੇ ਰਾਹੀਂ ਹੀ ਲੰਘਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਦੇ ਦਫਤਰਾਂ ਤੇ ਸਕੂਲਾਂ ਨੂੰ ਇਹੀ ਰਸਤਾ ਜਾਂਦਾ ਹੈ।
ਇਸ ਸਬੰਧੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਾਜਿੰਦਰਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿੱਥੇ ਕੂੜਾ ਡੰਪ ਬਣਾਇਆ ਹੋਇਆ ਹੈ, ਉੱਥੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਗੱਡੀਆਂ ਤੇ ਟਰੈਕਟਰ ਟਰਾਲੀਆਂ ਨਹੀਂ ਜਾ ਸਕਦੀਆਂ, ਕਿਉਂਕਿ ਉੱਥੇ ਪਾਣੀ ਜ਼ਿਆਦਾ ਹੋਣ ਕਾਰਨ ਗੱਡੀਆਂ ਫਸ ਜਾਂਦੀਆਂ ਹਨ। ਫਿਰ ਵੀ ਉਹ ਉਕਤ ਪਏ ਕੂੜੇ ਨੂੰ ਇੱਕ-ਦੋ ਦਿਨਾਂ ਵਿੱਚ ਸਾਫ ਕਰਾ ਕੇ ਸੁਟਵਾ ਦੇਣਗੇ ਅਤੇ ਇੱਥੇ ਹੀ ਜਲਦੀ ਟੀਨਾਂ ਪਵਾਈਆਂ ਜਾ ਰਹੀਆਂ ਹਨ ਤਾਂ ਜੋ ਕਿ ਬਰਸਾਤ ਦੇ ਦਿਨਾਂ ਵਿੱਚ ਕੂੜਾ ਸੁੱਟਣ ਕਾਰਨ ਕਿਸੇ ਨੂੰ ਵੀ ਬਦਬੂ ਨਾ ਆ ਸਕੇ।