ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਈ
ਪੰਜਾਬ ਦੇ ਕਿਸਾਨ ਐਤਕੀਂ ਖੇਤੀ ਕਾਨੂੰਨਾਂ ਦੇ ਖ਼ੌਫ ਕਰਕੇ ਘਰਾਂ ’ਚ ਕਣਕ ਦਾ ਭੰਡਾਰਨ ਨਹੀਂ ਕਰ ਰਹੇ ਹਨ। ਕਣਕ ਦੇ ਝਾੜ ਵਿਚ ਕਟੌਤੀ ਦੇ ਬਾਵਜੂਦ ਮੰਡੀਆਂ ਵਿਚ ਫ਼ਸਲ ਦੀ ਆਮਦ ਮੱਠੀ ਨਹੀਂ ਪਈ ਹੈ। ਲੰਘੇ ਸਾਲਾਂ ’ਚ ਬਹੁਤੇ ਕਿਸਾਨ ਸੀਜ਼ਨ ਦੌਰਾਨ ਘਰਾਂ ਵਿਚ ਕਣਕ ਭੰਡਾਰ ਕਰਦੇ ਸਨ ਅਤੇ ਸਰਦੀ ਦੇ ਮੌਸਮ ਦੌਰਾਨ ਕਣਕ ਵੇਚਦੇ ਸਨ। ਇਸ ਵਾਰ ਕਿਸਾਨਾਂ ਨੂੰ ਡਰ ਹੈ ਕਿ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਕਣਕ ਅੱਗੇ ਵਿਕੇਗੀ ਜਾਂ ਨਹੀਂ। ਕਿਸਾਨ ਘਰੇਲੂ ਖ਼ਪਤ ਲਈ ਹੀ ਕਣਕ ਰੱਖ ਰਹੇ ਹਨ।
ਵੇਰਵਿਆਂ ਅਨੁਸਾਰ ਪੰਜਾਬ ਵਿਚ 35 ਲੱਖ ਹੈਕਟੇਅਰ ਰਕਬੇ ’ਚੋਂ ਐਤਕੀਂ 130 ਲੱਖ ਮੀਟ੍ਰਿਕ ਟਨ ਫਸਲ ਦਾ ਮੰਡੀਆਂ ਵਿਚ ਆਉਣ ਦਾ ਅਨੁਮਾਨ ਸੀ ਪਰ ਮਗਰੋਂ ਝਾੜ ਘਟਣ ਕਰਕੇ ਕਟੌਤੀ ਦੀ ਸੰਭਾਵਨਾ ਸੀ। ਸਥਿਤੀ ਇਸ ਤਰ੍ਹਾਂ ਦੀ ਬਣੀ ਹੈ ਕਿ ਮੰਡੀਆਂ ਵਿਚ ਹੁਣ ਤੱਕ 120 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਫ਼ਸਲ ਪੁੱਜ ਚੁੱਕੀ ਹੈ। ਸਰਕਾਰੀ ਅੰਦਾਜ਼ੇ ਅਨੁਸਾਰ 128 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਦੀ ਆਸ ਹੈ। ਖੇਤੀ ਮਹਿਕਮੇ ਤਰਫ਼ੋਂ ਕਣਕ ਦੇ ਝਾੜ ਦੀ ਕੀਤੀ ਸਮੀਖਿਆ ਅਨੁਸਾਰ ਪੰਜਾਬ ਦਾ ਪ੍ਰਤੀ ਏਕੜ ਝਾੜ ਔਸਤਨ 48.97 ਕੁਇੰਟਲ ਆਇਆ ਹੈ ਜੋ ਕਿ ਪਿਛਲੇ ਵਰ੍ਹੇ 50.07 ਮਣ ਪ੍ਰਤੀ ਏਕੜ ਸੀ। ਖੇਤੀ ਮਹਿਕਮਾ ਪ੍ਰਤੀ ਏਕੜ ਪਿਛੇ ਸਵਾ ਮਣ ਝਾੜ ਦੀ ਕਟੌਤੀ ਦੱਸ ਰਿਹਾ ਹੈ ਜਦਕਿ ਕਿਸਾਨ 5 ਤੋਂ ਅੱਠ ਮਣ ਪ੍ਰਤੀ ਏਕੜ ਝਾੜ ਘੱਟ ਦੱਸਦੇ ਹਨ। ਇਸ ਲਿਹਾਜ਼ ਮੁਤਾਬਕ ਪੰਜਾਬ ਵਿਚ ਇਸ ਵਾਰ 171 ਲੱਖ ਮੀਟ੍ਰਿਕ ਟਨ ਪੈਦਾਵਾਰ ਹੋਵੇਗੀ ਜੋ ਪਿਛਲੇ ਵਰ੍ਹੇ 177 ਲੱਖ ਮੀਟ੍ਰਿਕ ਟਨ ਸੀ। ਕਰੀਬ ਛੇ ਲੱਖ ਮੀਟ੍ਰਿਕ ਟਨ ਝਾੜ ਘਟਣ ਦਾ ਸਰਕਾਰੀ ਅਨੁਮਾਨ ਹੈ ਜਿਸ ਨਾਲ ਕਿਸਾਨਾਂ ਨੂੰ ਸਿੱਧੇ ਤੌਰ ’ਤੇ 1155 ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਇਵੇਂ ਸਰਕਾਰ ਨੂੰ ਵੀ ਟੈਕਸਾਂ ਦੇ ਰੂਪ ਵਿਚ ਕਰੀਬ 40 ਕਰੋੜ ਦਾ ਹਰਜਾ ਹੋਵੇਗਾ।
ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦੇ ਜੈਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਫਸਲ ਜੋ ਹਰਿਆਣਾ ਵਿਚ ਵਿਕਣ ਜਾਂਦੀ ਸੀ, ਉਹ ਐਤਕੀਂ ਸਿੱਧੀ ਅਦਾਇਗੀ ਦੇ ਗੇੜ ਕਰਕੇ ਪੰਜਾਬ ਵਿਚ ਹੀ ਵਿਕੀ ਹੈ। ਜੋ ਪਹੁੰਚ ਵਾਲੇ ਕਿਸਾਨ ਘਰਾਂ ਵਿਚ ਕਣਕ ਭੰਡਾਰ ਕਰਦੇ ਸਨ, ਉਹ ਵੀ ਫਸਲ ਵੇਚ ਰਹੇ ਹਨ। ਬਰਨਾਲਾ ਦੇ ਪਿੰਡ ਰੂੜੇਕੇ ਖੁਰਦ ਦੇ ਕਿਸਾਨ ਹਰਨਾਗ ਧਾਲੀਵਾਲ ਨੇ ਦੱਸਿਆ ਕਿ ਉਹ ਤਿੰਨੋ ਭਰਾ ਪਹਿਲਾਂ ਸੀਜ਼ਨ ਦੌਰਾਨ ਕਰੀਬ 350 ਮਣ ਕਣਕ ਭੰਡਾਰ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਡਰ ਕਰਕੇ ਘਰੇ ਸਿਰਫ਼ ਖਾਣ ਜੋਗੀ ਕਣਕ ਹੀ ਰੱਖੀ ਹੈ।
ਕਪੂਰਥਲਾ ਦੇ ਪਿੰਡ ਖੱਸਨ ਦੇ ਸਾਬਕਾ ਸਰਪੰਚ ਐਨ.ਐੱਸ. ਕੰਗ ਦੱਸਦੇ ਹਨ ਕਿ ਆਮ ਕਿਸਾਨ ਤਾਂ ਇਸ ਵਾਰ ਕਣਕ ਰੱਖ ਹੀ ਨਹੀਂ ਰਹੇ ਹਨ ਜਦੋਂ ਕਿ ਕੁਝ ਵੱਡੇ ਕਿਸਾਨਾਂ ਨੇ ਇਸ ਵਾਰ ਵੀ ਕਣਕ ਰੱਖੀ ਹੈ। ਖੇਤੀ ਕਾਨੂੰਨਾਂ ਦੀ ਗੱਲ ਹਾਲੇ ਤਣ ਪੱਤਣ ਨਾ ਲੱਗਣ ਕਰਕੇ ਕਿਸਾਨਾਂ ’ਚ ਕਾਫ਼ੀ ਤੌਖਲੇ ਬਣੇ ਹੋਏ ਹਨ। ਬਠਿੰਡਾ ਦੇ ਪਿੰਡ ਸੰਗਤ ਕਲਾਂ ਦੇ ਬਲਜੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਕੋਈ ਵੀ ਕਿਸਾਨ ਇਸ ਵਾਰ ਕਣਕ ਘਰ ’ਚ ਭੰਡਾਰ ਨਹੀਂ ਕਰ ਰਿਹਾ ਹੈ।
ਚੇਤੇ ਰਹੇ ਕਿ ਐਤਕੀਂ ਫਰਵਰੀ ਦੇ ਅਖੀਰ ਅਤੇ ਮਾਰਚ ਦੇ ਪਹਿਲੇ ਪੰਦੜਵਾੜੇ ਦੌਰਾਨ ਤਾਪਮਾਨ ਉੱਚਾ ਰਹਿਣ ਕਰਕੇ ਕਣਕ ਦੀ ਫਸਲ ਨੂੰ ਮਾਰ ਪਈ ਹੈ ਅਤੇ ਕਈ ਥਾਵਾਂ ’ਤੇ ਮੀਂਹ ਤੇ ਝੱਖੜ ਨੇ ਕਣਕ ਦਾ ਝਾੜ ਪ੍ਰਭਾਵਿਤ ਕੀਤਾ ਹੈ। ਮੁਕਤਸਰ ਦੇ ਪਿੰਡ ਭੰਗੇਵਾਲਾ ਦੇ ਕਿਸਾਨ ਕਾਕਾ ਸਿੰਘ ਨੇ ਦੱਸਿਆ ਕਿ ਕਿਸਾਨ ਘਰੇ ਕਣਕ ਰੱਖ ਕੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਹਨ। ਕਿਸਾਨਾਂ ਨੂੰ ਡਰ ਹੈ ਕਿ ਸਰਦੀਆਂ ਵਿਚ ਕਣਕ ਦਾ ਕੋਈ ਖਰੀਦਦਾਰ ਨਹੀਂ ਰਹਿਣਾ ਅਤੇ ਭਾਅ ਬਾਰੇ ਵੱਡੇ ਖਦਸ਼ੇ ਬਣੇ ਹੋਏ ਹਨ।
ਹਰਿਆਣਾ ’ਚੋਂ ਕਣਕ ਦੀ ਆਮਦ ਦਾ ਡਰ !
ਹਰਿਆਣਾ ’ਚ ਮੰਡੀਆਂ ਬੰਦ ਹੋੋਣ ਕਰਕੇ ਪੰਜਾਬ ਨੂੰ ਹਰਿਆਣਾ ਦੀ ਕਣਕ ਪੰਜਾਬ ’ਚ ਆਉਣ ਦਾ ਡਰ ਬਣ ਗਿਆ ਹੈ। ਹਰਿਆਣਾ ਦੇ ਅੱਠ ਜ਼ਿਲ੍ਹਿਆਂ ਵਿਚ ਪਹਿਲਾਂ ਹੀ ਖਰੀਦ ਕੇਂਦਰ ਬੰਦ ਹੋ ਗਏ ਸਨ। ਪੰਜਾਬ ਮੰਡੀ ਬੋਰਡ ਨੇ ਆਰਜ਼ੀ ਮੰਡੀਆਂ ਤਾਂ ਬੰਦ ਕਰ ਦਿੱਤੀਆਂ ਹਨ ਜਦੋਂ ਕਿ ਬਾਕੀ ਨਾ ਮਾਤਰ ਖਰੀਦ ਵਾਲੀਆਂ ਮੰਡੀਆਂ 10 ਮਈ ਤੱਕ ਪੜਾਅ ਵਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਕਿਸਾਨ ਧਿਰਾਂ ਵੱਲੋਂ ਵਿਰੋਧ ਵੀ ਹੋਇਆ ਹੈ।
ਕਣਕ ਦੀ ਆਮਦ ਘਟੀ: ਡਾਇਰੈਕਟਰ
ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਦਾ ਕਹਿਣਾ ਸੀ ਕਿ ਪੰਜਾਬ ਦੇ ਪੰਜ ਸਰਹੱਦੀ ਜ਼ਿਲ੍ਹਿਆਂ ’ਚੋਂ ਕਣਕ ਦੀ ਆਮਦ ਹਾਲੇ ਹੋ ਰਹੀ ਹੈ ਅਤੇ ਜਿੱਥੇ ਕਿਤੇ ਫਸਲ ਆਉਣੀ ਲਗਭਗ ਬੰਦ ਹੋ ਗਈ ਸੀ, ਫੀਲਡ ਰਿਪੋਰਟਾਂ ਦੇ ਅਧਾਰ ’ਤੇ ਉਹ ਮੰਡੀਆਂ ਬੰਦ ਹੋ ਜਾਣਗੀਆਂ। ਮੰਡੀਆਂ ਵਿਚ 125 ਤੋਂ 128 ਲੱਖ ਮੀਟ੍ਰਿਕ ਟਨ ਕਣਕ ਪੁੱਜਣ ਦਾ ਅਨੁਮਾਨ ਹੈ।