ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 24 ਫਰਵਰੀ
ਪਿੰਡ ਚਿਮਨੇਵਾਲਾ ਵਿੱਚ ਇਕ ਨਾਬਾਲਗ ਲੜਕੀ ਨੂੰ ਤੰਗ ਕਰਨ ਕਾਰਨ ਉਸ ਦੇ ਪਿਓ ਨੇ ਖੁਦਕੁਸ਼ੀ ਕਰ ਲਈ ਪਰ ਥਾਣਾ ਸਦਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਥਾਣੇ ਮੂਹਰੇ ਧਰਨਾ ਲਾ ਦਿੱਤਾ। ਮ੍ਰਿਤਕ ਸੁਰਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਖਿਓ ਵਾਲਾ ਬੋਦਲਾ ਨੇ ਖੁਦਕੁਸ਼ੀ ਨੋਟ ਵੀ ਲਿਖਿਆ ਹੈ ਜਿਸ ’ਚ ਉਸ ਨੇ 12 ਲੋਕਾਂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਗਏ ਖੁਦਕੁਸ਼ੀ ਨੋਟ ’ਚ ਸੁਰਜੀਤ ਸਿੰਘ ਨੇ ਲਿਖਿਆ ਕਿ ਉਕਤ ਵਿਅਕਤੀ ਉਸ ਦੀ ਨਾਬਾਲਗ ਲੜਕੀ ਨੂੰ ਗਲਤ ਰਸਤੇ ਪਾ ਰਹੇ ਹਨ ਅਤੇ ਉਸ ਨੂੰ ਧਮਕੀਆਂ ਦੇ ਰਹੇ ਹਨ ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।
ਉਸ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਸੁਰਜੀਤ ਸਿੰਘ ਠੇਕੇਦਾਰ ਨਾਲ ਕੰਮ ’ਤੇ ਗਿਆ ਸੀ ਅਤੇ ਇਸੇ ਦੌਰਾਨ ਉਸ ਨੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ ਅਤੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਪੁਲੀਸ ਵਲੋਂ ਸੁਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਪਰ ਅੱਜ ਸਵੇਰ ਤੱਕ ਪੁਲੀਸ ਵਲੋਂ ਨਾ ਤਾਂ ਲਾਸ਼ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ ਕੀਤਾ ਗਿਆ ਹੈ। ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਉਨ੍ਹਾਂ ਨੂੰ ਵੱਖ-ਵੱਖ ਖੁਦਕੁਸ਼ੀ ਨੋਟ ਮਿਲੇ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜਾ ਨੋਟ ਸਹੀ ਹੈ। ਉਨ੍ਹਾਂ ਦੱਸਿਆ ਕਿ ਪੂਰਾ ਮਾਮਲਾ ਡੀਐਸਪੀ ਅਤੇ ਐਸਐਸਪੀ ਫਾਜ਼ਿਲਕਾ ਦੇ ਧਿਆਨ ’ਚ ਲਿਆਦਾ ਗਿਆ ਹੈ।