ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਮਈ
ਲੰਮਾ ਪਿੰਡ ਇਲਾਕੇ ਵਿੱਚ ਸਰਕਾਰੀ ਸਕੂਲ ਨੇੜਲੇ ਇਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਪਿਓ-ਪੁੱਤਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਦੋ ਹੋਰ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ। ਲੰਮਾ ਪਿੰਡ ’ਚ ਪਰਵਾਸੀ ਮਜ਼ਦੂਰ ਰਾਜ ਕੁਮਾਰ, ਉਸ ਦੀ ਪਤਨੀ ਤੇ ਦੋ ਬੱਚੇ ਰਹਿੰਦੇ ਸਨ। ਅੱਜ ਸਵੇਰੇ ਜਦੋਂ ਰਾਜ ਕੁਮਾਰ ਦੀ ਪਤਨੀ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਤੇ ਘਰ ਵਿੱਚ ਅੱਗ ਲੱਗ ਗਈ। ਧਮਾਕੇ ਵਿੱਚ ਰਾਜ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਡੇਢ ਸਾਲ ਦੇ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਰਾਹ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰਾਜ ਕੁਮਾਰ ਦੀ ਪਤਨੀ ਤੇ ਉਸ ਦਾ ਦੂਸਰਾ ਬੱਚਾ ਝੁਲਸ ਗਏ ਹਨ। ਜ਼ੇਰੇ ਇਲਾਜ ਪੰਜ ਸਾਲਾ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ।