ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਖੜ੍ਹੀ ਹਰਿਆਣਾ ਪੁਲੀਸ ਨਾਲ ਕਿਸਾਨਾਂ ਦਾ ਸਭ ਤੋਂ ਪਹਿਲਾ ਪੇਚਾ ਸ਼ੰਭੂ ਬੈਰੀਅਰ ’ਤੇ ਹੀ ਪਿਆ। ਭਾਵੇਂ ਕਿ ਕਿਸਾਨ ਸੰਗਠਨ ਵੱਲੋਂ ਹਰਿਆਣਾ ’ਚ ਦਾਖ਼ਲੇ ਲਈ ਅੱਠ ਸਥਾਨਾਂ ਦੀ ਸ਼ਨਾਖ਼ਤ ਕੀਤੀ ਗਈ ਸੀ ਪਰ ਸਭ ਤੋਂ ਵੱਧ ਕਿਸਾਨ ਸ਼ੰਭੂ ਰਾਹੀਂ ਹੀ ਹਰਿਆਣਾ ’ਚ ਪ੍ਰਵੇਸ਼ ਕੀਤੇ। ਖੁਫ਼ੀਆ ਏਜੰਸੀਆਂ ਮੁਤਾਬਕ ਅੱਜ ਰਾਤ ਅੱਠ ਵਜੇ ਤੱਕ 30 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਸ਼ੰਭੂ ਬੈਰੀਅਰ ਪਾਰ ਕੀਤਾ।
ਹਰਿਆਣਾ ਪੁਲੀਸ ਵੱਲੋਂ ਰੋਕੇ ਜਾਣ ’ਤੇ ਕਿਸਾਨ ਆਗੂਆਂ ਦਾ ਸ਼ਾਂਤਮਈ ਧਰਨੇ ਮਾਰਨ ਦਾ ਪ੍ਰੋਗਰਾਮ ਸੀ ਪਰ ਕੇਂਦਰ ਦੀ ਇਸ ਕਾਰਵਾਈ ਤੋਂ ਰੋਹ ’ਚ ਆਏ ਨੌਜਵਾਨ ਕਿਸਾਨਾਂ ਨੇ ਲੀਡਰਸ਼ਿਪ ਦੇ ਅਜਿਹੇ ਮਤੇ ਨੂੰ ਦਰ ਕਿਨਾਰ ਕਰਦਿਆਂ ਹਰਿਆਣਾ ਪੁਲੀਸ ਨਾਲ ਆਢਾ ਲਾ ਲਿਆ। ਰਾਜਪੁਰਾ-ਅੰਬਾਲਾ ਰੋਡ ’ਤੇ ਸਥਿਤ ਘੱਗਰ ਦਰਿਆ ਦੇ ਪੁਲ ’ਤੇ ਹੀ ਕਰੀਬ ਅੱਧ ’ਚ ਵੱਡੇ ਪੱਧਰ ’ਤੇ ਨਾਕਾ ਲਾਇਆ ਹੋਇਆ ਸੀ। ਪਰ ਰੋਹ ਵਿੱਚ ਆਏ ਕਿਸਾਨਾਂ ਨੇ 10-10 ਕੁਇੰਟਲ ਦੇ ਇਨ੍ਹਾਂ ਭਾਰੀ ਪੱਥਰਾਂ ਨੂੰ ਹੱਥਾਂ ਨਾਲ ਹੀ ਖਿੱਚ-ਖਿੱਚ ਕੇ ਹਟਾ ਦਿੱਤਾ ਅਤੇ ਬੈਰੀਕੇਡ ਘੱਗਰ ’ਚ ਸੁੱਟ ਦਿੱਤੇ। ਇਸ ਦੌਰਾਨ ਹਰਿਆਣਾ ਪੁਲੀਸ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲਿਆਂ ਸਮੇਤ ਪਾਣੀ ਦੀਆਂ ਬੁਛਾੜਾਂ ਵੀ ਵੱਡੇ ਪੱਧਰ ’ਤੇ ਮਾਰੀਆਂ ਪਰ ਇਸ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਨੇ ਇਸ ਪਲੇਠੇ ਨਾਕੇ ਦਾ ਰਾਹ ਸਾਫ਼ ਕਰਦਿਆਂ ਹਰਿਆਣਾ ਦੀ ਧਰਤੀ ’ਤੇ ਜਾ ਪੈਰ ਧਰਿਆ। ਫਿਰ ਇਸੇ ਪੁਲ ਤੋ ਹੇਠਾਂ ਉੱਤਰਨ ਵਾਲੀ ਥਾਂ ’ਤੇ ਪੁਲੀਸ ਨੇ ਮਿੱਟੀ ਦੇ ਭਰੇ ਕਈ ਟਿੱਪਰ, ਟਰੱਕ ਅਤੇ ਟਰਾਲੀਆਂ ਆਦਿ ਖੜ੍ਹੀਆਂ ਕੀਤੀਆਂ ਹੋਈਆਂ ਸਨ। ਰੋਹ ਵਿੱਚ ਆਏ ਕਿਸਾਨਾਂ ਨੇ ਇਹ ਰੋਕਾਂ ਵੀ ਹਟਾ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਇਥੇ ਬਲਵੀਰ ਸਿੰਘ ਰਾਜੇਵਾਲ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ।
ਉਧਰ ਸ਼ੰਭੂ ਮਗਰੋਂ ਚੀਕਾ ਰੋਡ ’ਤੇ ਸਥਿਤ ਰਾਮਨਗਰ ਬੈਰੀਅਰ ਦੀਆਂ ਰੋਕਾਂ ਵੀ ਕਿਸਾਨਾਂ ਨੇ ਭੰਨ੍ਹ ਦਿੱਤੀਆਂ। ਇਨ੍ਹਾਂ ਕਿਸਾਨਾਂ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਸਮੇਤ ਹੋਰ ਆਗੂ ਕਰ ਰਹੇ ਸਨ।
ਪਟਿਆਲਾ ਜ਼ਿਲ੍ਹੇ ਦੀ ਹੀ ਹੱਦ ’ਤੇ ਪੈਂਦੇ ਮਾਰਕੰਡਾ ਪੁਲ ’ਤੇ ਵੀ ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਰਾਹ ਰੋਕਦਿਆਂ ਜ਼ਬਰਦਸਤ ਨਾਕਾ ਲਾਇਆ ਹੋਇਆ ਸੀ ਪਰ ਕਿਸਾਨਾਂ ਨੇ ਇਹ ਰੋਕਾਂ ਵੀ ਤੋੜ ਸੁੱਟੀਆਂ। ਇਸ ਲਾਂਘੇ ਤੋਂ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ, ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਸਤਿਨਾਮ ਸਿੰਘ ਬਹਿਰੂ ਦੀ ਅਗਵਾਈ ਹੇਠਲੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਆਗੂ ਗੁਰਮੇਲ ਬੋਸਰ ਤੇ ਸੈਂਕੜੇ ਕਿਸਾਨ ਲੰਘੇ।
ਸੱਦੋਪੁਰ ਨੇੜੇ ਪੁਲੀਸ ਤੇ ਕਿਸਾਨਾਂ ਵਿਚਾਲੇ ਝੜਪ
ਅੰਬਾਲਾ (ਰਤਨ ਸਿੰਘ ਢਿੱਲੋਂ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ‘ਦਿੱਲੀ ਚਲੋ’ ਮੁਹਿੰਮ ਤਹਿਤ ਅੱਜ ਸਵੇਰੇ ਦਿੱਲੀ ਜਾਣ ਵਾਲੇ ਕਿਸਾਨਾਂ ਦੀ ਜੀਟੀ ਰੋਡ ਸ਼ੰਭੂ ਬੈਰੀਅਰ ਅਤੇ ਚੰਡੀਗੜ੍ਹ ਰੋਡ ਸੱਦੋਪੁਰ ਹੱਦ ’ਤੇ ਪੁਲੀਸ ਨਾਲ ਜ਼ੋਰਦਾਰ ਝੜਪ ਹੋਈ। ਸ਼ੰਭੂ ਬਾਰਡਰ ਰਾਹੀਂ ਪੰਜਾਬ ਤੋਂ ਦਿੱਲੀ ਜਾ ਰਹੇ ਹਜ਼ਾਰਾਂ ਕਿਸਾਨ ਆਪਣੀ ਹਿੰਮਤ, ਜੋਸ਼ ਅਤੇ ਦਲੇਰੀ ਦਾ ਪ੍ਰਦਰਸ਼ਨ ਕਰਦਿਆਂ ਪੁਲੀਸ ਦੀਆਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਹਰਿਆਣਾ ਵਿਚ ਦਾਖਲ ਹੋ ਗਏ। ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਪਰ ਕਿਸਾਨਾਂ ਦੇ ਰੋਹ ਅੱਗੇ ਪੁਲੀਸ ਦੀ ਇਕ ਨਾ ਚੱਲੀ ਅਤੇ ਅਖੀਰ ਕਿਸਾਨ ਹਰਿਆਣਾ ਦਾਖਲ ਹੋਣ ਵਿਚ ਸਫਲ ਹੋ ਗਏ। ਇਸ ਦੌਰਾਨ ਕੁਝ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ।