ਗੁਰਿੰਦਰ ਸਿੰਘ
ਲੁਧਿਆਣਾ, 1 ਮਈ
ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ ਪੰਜਾਬ ’ਚ ਬਿਜਲੀ ਤੇ ਨਹਿਰੀ ਪਾਣੀ ਦੀ ਘਾਟ ਨੂੰ ਪੂਰਾ ਕਰਵਾਉਣ ਲਈ 2 ਮਈ ਨੂੰ ਨਹਿਰੀ ਵਿਭਾਗ ਦੇ ਐਕਸੀਅਨ ਦਫ਼ਤਰਾਂ ਦਾ ਤਿੰਨ ਘੰਟਿਆਂ ਲਈ ਘਿਰਾਓ ਕਰਨ ਤੇ 9 ਮਈ ਨੂੰ ਸਮੂਹ ਵਿਧਾਇਕਾਂ ਦੇ ਘਰਾਂ ਵੱਲ ਟਰੈਕਟਰ, ਮੋਟਰਸਾਈਕਲ ਅਤੇ ਹੋਰ ਵਾਹਨਾਂ ਦੇ ਕਾਫ਼ਲੇ ਲੈ ਕੇ ਰੋਸ ਮਾਰਚ ਕਰਦਿਆਂ ਮੰਗ ਪੱਤਰ ਦੇਣ ਦਾ ਫ਼ੈਸਲਾ ਕੀਤਾ ਹੈ।
ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਗਰਮੀ ਤੇ ਬੇਮੌਸਮੀ ਬਰਸਾਤ ਨਾਲ ਪ੍ਰਤੀ ਏਕੜ ਘਟੇ ਝਾੜ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਰੁਪਏ ਦੇਣ, ਅੱਗ ਨਾਲ ਸੜੀ ਫਸਲ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਨਰਮੇ ਦਾ ਬਕਾਇਆ ਅਤੇ ਗੰਨੇ ਦਾ 900 ਕਰੋੜ ਬਕਾਇਆ ਤੁਰੰਤ ਜਾਰੀ ਕਰਨ, ਕਣਕ ਦੇ ਘਟੇ ਝਾੜ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਅਤੇ ਵਿਆਜ ਦੇ ਭੁਗਤਾਨ ਵਿੱਚ ਛੋਟ ਦੇਣ ਅਤੇ ਐੱਮਐੱਸਪੀ ਸਮੇਤ ਹੋਰ ਕਿਸਾਨ ਮੰਗਾਂ ’ਤੇ ਚਰਚਾ ਕਰਦਿਆਂ ਇਨ੍ਹਾਂ ਮਸਲਿਆਂ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਮੈਦਾਨ ਵਿੱਚ ਨਿਤਰਨ ਦਾ ਸੱਦਾ ਦਿੱਤਾ।
ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ, ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਰਾਏ, ਬਲਦੇਵ ਸਿੰਘ ਨਿਹਾਲਗੜ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ, ਕਿਰਨਜੀਤ ਸਿੰਘ ਸੇਖੋਂ, ਫੁਰਮਾਨ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਲਖਵਿੰਦਰ ਸਿੰਘ, ਸਤਨਾਮ ਸਿੰਘ ਬਹਿਰੂ, ਬਲਵਿੰਦਰ ਸਿੰਘ ਮੱਲੀਨੰਗਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਰਾਜੂ ਔਲਖ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਵੀਰਪਾਲ ਸਿੰਘ ਢਿੱਲੋਂ, ਬਲਕਰਨ ਸਿੰਘ ਬਰਾੜ, ਸਤਨਾਮ ਸਿੰਘ ਸਾਹਨੀ ਵੀ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਫ਼ਸਲੀ ਭਿੰਨਤਾ ਨੂੰ ਲਾਗੂ ਕਰਨ ਬਾਰੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਬਿਜਲੀ ਤੇ ਨਹਿਰੀ ਪਾਣੀ ਦੀ ਘਾਟ ਕਾਰਨ ਮੂੰਗੀ ਅਤੇ ਮੱਕੀ ਸਮੇਤ ਹੋਰ ਫ਼ਸਲਾਂ ਸੁੱਕ ਰਹੀਆਂ ਹਨ। ਕਿਸਾਨ ਮਹਿੰਗਾ ਡੀਜ਼ਲ ਬਾਲ ਕੇ ਇਨ੍ਹਾਂ ਫ਼ਸਲਾਂ ਦੀ ਬਿਜਾਈ/ਸਿੰਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਹਿਰਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ ਤੇ ਬਿਜਲੀ ਦੀ ਘਾਟ ਪੂਰੀ ਕਰਕੇ ‘ਆਪ’ ਸਰਕਾਰ ਆਪਣੇ ਮੈਨੀਫੈਸਟੋ ਮੁਤਾਬਕ ਖੇਤੀ ਮੋਟਰਾਂ ਲਈ 12 ਘੰਟੇ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਵੇ। ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਲਖੀਮਪੁਰ ਖੀਰੀ ਦੌਰੇ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਲਈ ਯਤਨ ਜਾਰੀ ਰੱਖਣ ਅਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਆਉਣ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਬੰਧੀ ਸੰਘਰਸ਼ ਦੀ ਰਣਨੀਤੀ ਵੀ ਉਲੀਕੀ ਹੈ।
ਸੀਐੱਮਡੀ ਦੇ ਭਰੋਸੇ ਮਗਰੋਂ ਪਾਵਰਕੌਮ ਐਕਸੀਅਨਾਂ ਦੇ ਦਫ਼ਤਰ ਘੇਰਨ ਦਾ ਪ੍ਰੋਗਰਾਮ ਮੁਲਤਵੀ
ਪਟਿਆਲਾ ( ਸਰਬਜੀਤ ਸਿੰਘ ਭੰਗੂ): ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਦੇ ਚੱਲਦਿਆਂ ਪੈਦਾ ਹੋਏ ਹਾਲਾਤ ਕਾਰਨ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ 2 ਮਈ ਨੂੰ ਪਾਵਰਕੌਮ ਅਤੇ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰਨ ਦੇ ਦਿੱਤੇ ਗਏ ਸੱੱਦੇ ਮਗਰੋਂ ਅੱਜ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਦੇ ਸੱਦੇ ’ਤੇ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫਤਰ ਵਿੱਚ ਸੀਐੱਮਡੀ ਅਤੇ 16 ਕਿਸਾਨ ਜਥੇਬੰਦੀਆਂ ਦਰਮਿਆਨ ਹੰਗਾਮੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੀਐੱਮਡੀ ਨੇ ਲੰਘੇ ਦਿਨੀਂ ਬਿਜਲੀ ਦੇ ਪੈਦਾ ਹੋਏ ਸੰਕਟ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ, ਕਿਸਾਨ ਆਗੂਆਂ ਨੂੰ ਖੇਤੀ ਮੋਟਰਾਂ ਲਈ ਰੋਜ਼ਾਨਾ 4 ਘੰਟੇ ਅਤੇ ਇੱਕ ਦਿਨ ਛੱਡ ਕੇ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨ ਜਥੇਬੰਦੀਆਂ ਨੇ 2 ਮਈ ਨੂੰ ਪਾਵਰਕੌਮ ਅਤੇ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਅੱਜ ਦੀ ਇਸ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਉੱਪਲ, ਹਰਮੀਤ ਕਾਦੀਆਂ, ਸਤਨਾਮ ਬਹਿਰੂ, ਰਾਮਿੰਦਰ ਸਿੰਘ ਪਟਿਆਲਾ, ਦਵਿੰਦਰ ਪੂਨੀਆ, ਬਲਦੇਵ ਨਿਹਾਲਗੜ੍ਹ, ਬੂਟਾ ਸਿੰਘ ਸ਼ਾਦੀਪੁਰ, ਗੁਰਮੀਤ ਭੱਟੀਵਾਲ ਅਤੇ ਵੀਰਪਾਲ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਸਨ। ਝੋਨੇ ਦੇ ਸੀਜ਼ਨ ਸਬੰਧੀ ਅਤੇ ਬਿਜਲੀ ਬੋਰਡ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 8 ਮਈ ਨੂੰ ਮੁੜ ਸੀਐੱਮਡੀ ਦੇ ਦਫਤਰ ਵਿੱਚ ਮੀਟਿੰਗ ਰੱਖੀ ਗਈ ਹੈ। ਸੀਐੱਮਡੀ ਵੱਲੋਂ ਮਿਲੇ ਭਰੋਸੇ ਮਗਰੋਂ ਕਿਸਾਨ ਜਥੇਬੰਦੀਆਂ ਨੇ 2 ਮਈ ਨੂੰ ਪਾਵਰਕੌਮ ਦਫਤਰਾਂ ਦੇ ਕੀਤੇ ਜਾਣ ਵਾਲੇ ਘਿਰਾਉ ਪ੍ਰ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਇਸੇ ਦੌਰਾਨ ਪਹਿਲਾਂ ਤੋਂ ਤੈਅਸ਼ੁਦਾ ਪ੍ਰੋਗਰਾਮ ਤਹਿਤ ਕਿਸਾਨ ਧਿਰਾਂ ਵੱਲੋਂ ਸੋਮਵਾਰ ਨੂੰ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।