ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਜੂਨ
ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਇਤਿਹਾਸਕ ਕਿਸਾਨ-ਅੰਦੋਲਨ ਦੇ ਭਲਕੇ 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣਗੇ। ਇਨ੍ਹਾਂ ਸੱਤ ਮਹੀਨਿਆਂ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਭਾਰਤ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਕਈ ਰਾਜਾਂ ਦੇ ਲੱਖਾਂ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ ‘ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ’ 1975 ਤੋਂ 1977 ਤੱਕ ਲੱਗੀ ਐਮਰਜੈਂਸੀ ਦੇ ਕਾਲੇ-ਦਿਨਾਂ ਦੀ ਪਿੱਠਭੂਮੀ ਖ਼ਿਲਾਫ਼ ਹੈ। ਉਹ ਅਜਿਹਾ ਸਮਾਂ ਸੀ ਜਦੋਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰ ਬੇਰਹਿਮੀ ਨਾਲ ਕੁਚਲੇ ਗਏ ਅਤੇ ਮਨੁੱਖੀ ਅਧਿਕਾਰਾਂ ’ਤੇ ਰੋਕ ਲਗਾਈ ਗਈ ਸੀ। ਉਨ੍ਹਾਂ ਕਿਹਾ, ‘ਅੱਜ ਦਾ ਤਾਨਾਸ਼ਾਹੀ ਸ਼ਾਸਨ ਉਨ੍ਹਾਂ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਪ੍ਰਗਟਾਵੇ ਦੀ ਆਜ਼ਾਦੀ ਤੇ ਵਿਰੋਧ ਕਰਨ ਦਾ ਹੱਕ ਸਭ ਕੁਝ ਰੋਕ ਦਿੱਤਾ ਗਿਆ ਸੀ। ਹੁਣ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ। ਉਨ੍ਹਾਂ ਕਿਹਾ ਕਿ ਭਲਕੇ ਗਵਰਨਰਾਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਸੌਂਪਦਿਆਂ ਸੰਵਿਧਾਨਿਕ ਹੱਕਾਂ, ਸਿਧਾਤਾਂ, ਲੋਕਤੰਤਰ ਦੀ ਰਾਖੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਜਾਵੇਗੀ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਲਕੇ ਦੇਸ਼ ਭਰ ਦੇ ਹਜ਼ਾਰਾਂ ਕਿਸਾਨ ਵੱਖ ਵੱਖ ਰਾਜਾਂ ’ਚ ਰਾਜ ਭਵਨਾਂ ਵੱਲ ਰੈਲੀਆਂ ਲਈ ਤਿਆਰ ਹੋ ਰਹੇ ਹਨ। ਭਾਰਤੀ ਕਿਸਾਨਾਂ ਨਾਲ ਇਕਜੁੱਟਤਾ ਵਜੋਂ ਪਰਵਾਸੀ ਭਾਰਤੀਆਂ ਨੇ ਵੀ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਅਜਿਹੀ ਹੀ ਇਕ ਰੈਲੀ ਦੀ ਯੋਜਨਾ ਅਮਰੀਕਾ ਦੇ ਮੈਸੇਚਿਊਸੈੱਟਸ ਵਿਚ ਕੀਤੀ ਜਾ ਰਹੀ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ-ਅੰਦੋਲਨ ਸਦਕਾ ਦੇਸ਼ ਦੇ ਕਿਸਾਨਾਂ ਨੂੰ ਮਾਣ ਤੇ ਸਨਮਾਨ ਮੁੜ ਹਾਸਲ ਹੋਇਆ ਹੈ। ਦੇਸ਼ ਦਾ ਨੌਜਵਾਨ ਵਰਗ ਵੀ ਕਿਸਾਨ ਅਖਵਾਉਣ ’ਚ ਮਾਣ ਮਹਿਸੂਸ ਕਰ ਰਿਹਾ ਹੈ ਤੇ ਅੰਦੋਲਨ ਦਾ ਹਿੱਸਾ ਬਣ ਰਿਹਾ ਹੈ। ਕਿਸਾਨ ਔਰਤਾਂ ਵੀ ਸਰਗਰਮੀ ਨਾਲ ਅੰਦੋਲਨ ’ਚ ਹਿੱਸਾ ਲੈ ਰਹੀਆਂ ਹਨ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਮੁਤਾਬਕ ਭਾਜਪਾ ਸਰਕਾਰ ਵੱਲੋਂ ਕੀਤੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦੀ ਏਕਤਾ ਬਣੀ ਹੋਈ ਹੈ। ਦੇਸ਼ ਦੇ ਨਾਗਰਿਕਾਂ ਤੇ ਉਨ੍ਹਾਂ ਦੇ ਹਿੱਤਾਂ ਤੇ ਭਲਾਈ ਪ੍ਰਤੀ ਸਰਕਾਰ ਦੀ ਜਵਾਬਦੇਹੀ ਸੰਘਰਸ਼ ਦੇ ਕੇਂਦਰ ਵਿਚ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਲਕੇ ਵੀਹਵੀਂ ਸਦੀ ਦੇ ਭਾਰਤ ਦੇ ਜਿਮੀਂਦਰੀ ਪ੍ਰਣਾਲੀ ਦੇ ਵਿਰੁੱਧ ਲੜਨ ਵਾਲੇ ਮਹਾਨ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦੀ ਵੀ ਬਰਸੀ ਹੈ। ਸ਼ਿਵਕੁਮਾਰ ਸ਼ਰਮਾ ‘ਕੱਕਾ ਜੀ’ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੇਸਬੁੱਕ ਲਾਈਵ ਰਾਹੀਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ’ਚ ਪੂਰੇ ਭਾਰਤ ਤੋਂ ਬਹੁਤ ਸਾਰੇ ਕਿਸਾਨ ਆਗੂਆਂ ਨੇ ਹਿੱਸਾ ਲਿਆ। ਯੁੱਧਵੀਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਸ਼ਮੂਲੀਅਤ ਕਾਰਨ ਕਿਸਾਨ ਲੰਬੇ ਸਮੇਂ ਤੱਕ ਪੂਰੀ ਸ਼ਾਂਤੀ ਨਾਲ ਸੰਘਰਸ਼ ਛੇੜਨ ਵਿਚ ਕਾਮਯਾਬ ਰਹੇ ਹੈ। ਇਹ ਉਹ ਨਾਗਰਿਕ ਹਨ, ਜੋ ਸੇਵਾ ਭਾਵਨਾ ਨਾਲ, ਅਣਥੱਕ ਅਤੇ ਨਿਰਸਵਾਰਥ ਸੰਘਰਸ਼ ਦੀ ਹਮਾਇਤ ਕਰਦੇ ਹਨ।
ਜੇ ਸਰਕਾਰ ਨਹੀਂ ਸੁਣਦੀ ਤਾਂ ਅਗਲਾ ਕਦਮ ਚੁੱਕਾਂਗੇ: ਟਿਕੈਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਅੱਜ ਗਾਜ਼ੀਪੁਰ ਹੱਦ ’ਤੇ ਟਰੈਕਟਰ ਰੈਲੀ ਕੱਢੀ ਗਈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਕਰੇਗੀ। ਜੇ ਨਹੀਂ ਕਰਦੀ ਤਾਂ ਅਸੀਂ ਅਗਲਾ ਕਦਮ ਚੁੱਕਾਂਗੇ। ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਰਤ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਐੱਮਐੱਸਪੀ ’ਤੇ ਕੋਈ ਕਾਨੂੰਨ ਨਹੀਂ ਬਣਾਉਂਦੀ।’ ਉਨ੍ਹਾਂ ਕਿਹਾ ਕਿ ਭਲਕ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਦਿੱਲੀ-ਗਾਜ਼ੀਪੁਰ ਹੱਦ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਦੀ ਰਿਹਰਸਲ ਅੱਜ ਕੀਤੀ ਗਈ ਹੈ। ਇਸ ਦੌਰਾਨ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਭਲਕ ਕੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਅੰਦੋਲਨ ਨੂੰ ਸ਼ਾਂਤਮਈ ਰੱਖਣ ਤੇ ਸਰਕਾਰ ਉਪਰ ਦਬਾਅ ਬਣਾਉਣ ਬਾਰੇ ਚਰਚਾ ਹੋਈ। ਉੱਧਰ ਭਾਰਤੀ ਕਿਸਾਨ ਯੂਨੀਅਨ ਨੇ 26 ਜੂਨ ਨੂੰ ਗਾਜ਼ੀਪੁਰ ਹੱਦ ’ਤੇ ਹੋਣ ਵਾਲੀ ਮਹਾਂ ਪੰਚਾਇਤ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਵੀ ਗਾਜ਼ੀਪੁਰ ਪਹੁੰਚ ਗਏ ਹਨ। ਭਾਕਿਯੂ ਦਾ ਦਾਅਵਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਭਲਕੇ ਗਾਜ਼ੀਪੁਰ ਪਹੁੰਚ ਜਾਣਗੇ। ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਟਰੈਕਟਰ ਟਰਾਲੀਆਂ ਵਿਚ ਮੋਦੀਨਗਰ ਵਿਚੋਂ ਲੰਘੇ। ਨਰੇਸ਼ ਟਿਕੈਤ ਦੀ ਅਗਵਾਈ ਵਾਲੀ ਟਰੈਕਟਰ ਯਾਤਰਾ ਵਿਚ ਭਾਰੀ ਭੀੜ ਸੀ। ਕਿਸਾਨਾਂ ਦਾ ਥਾਂ-ਥਾਂ ਸਵਾਗਤ ਕੀਤਾ ਗਿਆ।