ਗਗਨਦੀਪ ਅਰੋੜਾ
ਲੁਧਿਆਣਾ, 28 ਨਵੰਬਰ
ਆਪਣੇ ਸਮਰਥਕਾਂ ਸਣੇ ਦਿੱਲੀ ਵਿੱਚ ਕਿਸਾਨਾਂ ਦਾ ਹੌਸਲਾ ਵਧਾ ਕੇ ਲੁਧਿਆਣਾ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਮਿਲਣੀ ਕਰ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੀਆਂ ਮੰਗਾਂ ਮਨਵਾਉਣਾ ਚਾਹੁੰਦੇ ਹਨ ਤਾਂ ਦਿੱਲੀ ਦੀ ਹੱਦ ਨਾ ਛੱਡਣ ਤੇ ਉੱਥੇ ਹੀ ਡਟੇ ਰਹਿਣ। ਵਿਧਾਇਕ ਬੈਂਸ ਨੇ ਕਿਹਾ ਕਿ ਕਿਸਾਨਾਂ ਦਾ ਜੋਸ਼ ਦੇਖਣ ਵਾਲਾ ਹੈ, ਜਿਸ ਅੱਗੇ ਖੱਟਰ ਸਰਕਾਰ ਟਿਕ ਨਹੀਂ ਸਕੀ। ਇਹ ਕਿਸਾਨਾਂ ਦੀ ਪਹਿਲੀ ਫ਼ਤਹਿ ਹੈ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ, ਜੀਟੀ ਰੋਡ ਅਤੇ ਕੌਮੀ ਸੜਕਾਂ ’ਤੇ ਰੋਕਾਂ ਖੜ੍ਹੀਆਂ ਕਰਨਾ ਕਾਨੂੰਨ ਜੁਰਮ ਹੈ, ਜੋ ਹਰਿਆਣਾ ਦੀ ਖੱਟਰ ਸਰਕਾਰ ਨੇ ਕੀਤਾ ਹੈ। ਇਸ ਵਿਰੁੱਧ ਲੋਕ ਇਨਸਾਫ਼ ਪਾਰਟੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗੀ। ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੀਆਂ ਹੱਦਾਂ ਪੂਰੀ ਤਰ੍ਹਾਂ ਸੀਲ ਕਰ ਦੇਣ ਤਾਂ ਜੋ ਕੇਂਦਰ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਦੀ ਸਟੇਡੀਅਮਾਂ ਨੂੰ ਆਰਜ਼ੀ ਜੇਲ੍ਹਾਂ ਬਣਾਉਣ ਦੀ ਮੰਗ ਠੁਕਰਾਉਣ ਸਬੰਧੀ ਬੈਂਸ ਨੇ ਕਿਹਾ ਕਿ ‘ਆਪ’ ਦਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਬੇ-ਨਕਾਬ ਹੋ ਗਿਆ ਹੈ।
‘ਚੰਗੇ ਅਕਸ ਵਾਲੇ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੀਦਾ ਸੀ’
ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਏ ਜਾਣ ’ਤੇ ਬੈਂਸ ਨੇ ਕਿਹਾ ਕਿ ਇਹ ਕਮੇਟੀ ਬਾਦਲ ਪਰਿਵਾਰ ਦੀ ਹੱਥਠੋਕਾ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਜੇ ਬਾਦਲ ਪਰਿਵਾਰ ਦੇ ਲਿਫਾਫੇ ਵਿੱਚੋਂ ਹੀ ਪ੍ਰਧਾਨ ਨਿਕਲਣਾ ਸੀ ਤਾਂ ਉਹ ਕਿਸੇ ਚੰਗੇ ਅਕਸ ਵਾਲੇ ਨੂੰ ਕੱਢ ਸਕਦੇ ਸਨ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਬੀਬੀ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਸਬੰਧੀ ਹਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ।