ਆਤਿਸ਼ ਗੁਪਤਾ
ਚੰਡੀਗੜ੍ਹ, 27 ਫਰਵਰੀ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਇਸ ਗੁੱਸੇ ਵਜੋਂ ਜਿੱਥੇ ਕਿਸਾਨ ਆਗੂਆਂ ਵੱਲੋਂ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਹਾਪੰਚਾਇਤਾਂ ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਹਨ। ਅੱਜ ਜੀਂਦ ਦੇ ਕੁਝ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੀ ਖੜੀ ਫ਼ਸਲ ਵਾਹ ਦਿੱਤੀ ਹੈ, ਜਿਨ੍ਹਾਂ ਨੂੰ ਕਿਸਾਨ ਆਗੂਆਂ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ।
ਫ਼ਸਲ ’ਤੇ ਟਰੈਕਟਰ ਚਲਾਉਣ ਦੀਆਂ ਘਟਨਾਵਾਂ ਜੀਂਦ ਇਲਾਕੇ ਵਿੱਚ ਵਾਪਰੀਆਂ ਹਨ। ਕਿਸਾਨ ਆਗੂਆਂ ਦੇ ਨਾਲ-ਨਾਲ ਔਰਤਾਂ ਨੇ ਵੀ ਖੁਦ ਟਰੈਕਟਰ ਚਲਾ ਕੇ ਕਣਕ ਵਾਹ ਦਿੱਤੀ। ਜ਼ਿਲ੍ਹਾ ਜੀਂਦ ਦੇ ਪਿੰਡ ਕੰਡੇਲਾ ਵਿੱਚ ਕਿਸਾਨ ਨੇ ਆਪਣੀ 5 ਏਕੜ ਥਾਂ ਵਿੱਚੋਂ ਤਿੰਨ ਕਿੱਲੇ ਕਣਕ ਵਾਹ ਦਿੱਤੀ ਹੈ, ਜਦਕਿ ਸਿਰਫ਼ ਦੋ ਏਕੜ ਫ਼ਸਲ ਹੀ ਰੱਖੀ ਹੈ। ਇਸ ਬਾਰੇ ਸੁਦੇਸ਼ ਰਾਣੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਇਸੇ ਦੇ ਗੁੱਸੇ ਵਜੋਂ ਉਨ੍ਹਾਂ ਨੇ ਆਪਣੀ ਤਿੰਨ ਏਕੜ ਫ਼ਸਲ ਵਾਹ ਦਿੱਤੀ ਹੈ, ਘਰ ਦੇ ਗੁਜ਼ਾਰੇ ਜੋਗੀ ਦੋ ਏਕੜ ਫ਼ਸਲ ਰੱਖੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਜੀਂਦ ਵਿੱਚ ਹੋਰ ਵੀ ਕਈ ਥਾਵਾਂ ’ਤੇ ਕਿਸਾਨਾਂ ਨੇ ਫ਼ਸਲ ਵਾਹੁਣ ਦੀ ਕੋਸ਼ਿਸ਼ ਕੀਤੀ। ਇਕ ਵਿਅਕਤੀ ਆਪਣੀ 40/50 ਏਕੜ ਥਾਂ ’ਤੇ ਟਰੈਕਟਰ ਚਲਾਉਣ ਲੱਗਾ ਤਾਂ ਕਿਸਾਨ ਆਗੂਆਂ ਨੇ ਰੋਕਿਆ। ਇਸ ਤੋਂ ਪਹਿਲਾਂ ਵੀ ਸੂਬੇ ਵਿੱਚ ਇਕ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਆਪਣੀ ਫ਼ਸਲ ਵਾਹੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਤਬਾਹ ਹੋ ਗਿਆ ਤਾਂ ਆਨਾਜ ਵੀ ਕੋਈ ਨਹੀਂ ਉਗਾਵੇਗਾ। ਸਰਵਜਾਤੀ ਕੰਡੇਲਾ ਖਾਪ ਦੇ ਪ੍ਰਧਾਨ ਟੇਕ ਰਾਮ ਕੰਡੇਲਾ ਨੇ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੇ ਕਾਨੂੰਨ ਰੱਦ ਕਰ ਕੇ ਐੱਮਐੱਸਪੀ ’ਤੇ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਿਆਂਦਾ ਜਾਵੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿੱਚ ਕਿਸਾਨਾਂ ਨੂੰ ਖੜ੍ਹੀਆਂ ਫ਼ਸਲਾਂ ਤਬਾਹ ਨਾ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦਾ ਕਿਸਾਨ ਭਾਵੁਕ ਹੋ ਕੇ ਆਪਣੇ ਆਪ ਨੂੰ ਆਰਥਿਕ ਨੁਕਸਾਨ ਨਹੀਂ ਪਹੁੰਚਾਵੇਗਾ। ਚੜੂੂਨੀ ਨੇ ਕਿਸਾਨਾਂ ਨੂੰ ਫ਼ਸਲ ਵਾਹੁਣ ਦੀ ਥਾਂ ਪਰਿਵਾਰ ਸਣੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।