ਪਰਸ਼ੋਤਮ ਬੱਲੀ
ਬਰਨਾਲਾ, 16 ਨਵੰਬਰ
ਤਿੰਨ ਖੇਤੀ ਵਿਰੋਧੀ ਕੇਂਦਰੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿਲ-2020 ਖਿਲਾਫ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਗਾਤਾਰ ਡਟੇ ਕਿਸਾਨ ਮਰਦ/ਔਰਤਾਂ ਵਿਸੇਸ਼ ਕਰਕੇ ਨੌਜਵਾਨਾਂ ਵੱਲੋਂ ਸੰਘਰਸ਼ ਦੇ 47ਵੇਂ ਦਿਨ ਗਦਰੀ ਲਹਿਰ ਦੇ ਬਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਅੱਜ ਦੀ ਸਮੁੱਚੀ ਸਟੇਜ ਕਿਸਾਨ ਨੌਜਵਾਨਾਂ ਨੇ ਸੰਭਾਲੀ। ਸਾਂਝਾ ਕਿਸਾਨ ਸੰਘਰਸ਼ ਦੀ ਨੌਜਵਾਨ ਆਗੂ ਟੀਮ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਵੱਲੋਂ ਫੁੱਲ ਭੇਂਟ ਕਰਨ ਨਾਲ ਸ਼ੁਰੂ ਹੋਈ। ਸਭ ਤੋਂ ਪਹਿਲਾਂ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਆਂ ਹੱਕਾਂ ਦੀ ਭੇਂਟ ਉੱਤੇ- ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ’ ਪੇਸ਼ ਕੀਤਾ ਗਿਆ। ‘ਗਦਰ ਲਹਿਰ ਦੇ ਸ਼ਹੀਦਾਂ ਨੂੰ ਲਾਲ ਸਲਾਮ’, ‘ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ’, ‘ਸਾਮਰਾਜਵਾਦ-ਮੁਰਦਾਬਾਦ’ ਤੇ ‘ਇਨਕਲਾਬ-ਜਿੰਦਾਬਾਦ’ ਆਦਿ ਨਾਹਰਿਆਂ ਨਾਲ ਪੰਡਾਲ ਗੂੰਜ ਉੱਠਿਆ। ਨੌਜਵਾਨ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ ਨੇ ਗਦਰ ਦਾ ਇਤਿਹਾਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਚਾਨਣਾ ਪਾਇਆ। ਹੋਰਨਾਂ ਤੋਂ ਇਲਾਵਾ ਵਰਿੰਦਰ ਆਜਾਦ, ਗੁਰਜੋਤ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਚੀਮਾ,ਗਗਨਦੀਪ ਕੌਰ, ਸਵਨਪਪ੍ਰੀਤ ਕੌਰ, ਕਾਲਾ ਜੈਦ ਆਦਿ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।