ਖੇਤਰੀ ਪ੍ਰਤੀਨਿਧ
ਪਟਿਆਲਾ, 9 ਨਵੰਬਰ
ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮਾਲ ਗੱਡੀਆਂ ਨੂੰ ਖੁੱਲ੍ਹ ਦੇਣ ਮਗਰੋੋਂ ਹੁਣ ਮੁਸਾਫ਼ਿਰ ਗੱਡੀਆਂ ਦੀ ਆਵਾਜਾਈ ਦੀ ਖੁੱਲ੍ਹ ਦੇਣ ਦੇ ਮੁੱਦੇ ’ਤੇ ਵੀ ਦਾਨਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੂਰਤ ਵਿਚ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਭਾਗੀਦਾਰਾਂ ਦੀ ਚਾਂਦੀ ਹੋ ਰਹੀ ਹੈ। ਪ੍ਰਾਈਵੇਟ ਟਰਾਂਸਪੋਰਟ ਅਪਰੇਟਰਾਂ ਵੱਲੋਂ ਲੋਕਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ। ਇਸੇ ਲਈ ਬਾਦਲ ਪਰਿਵਾਰ ਦੀ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਵਿੱਚ ਦਿਲਚਸਪੀ ਹੈ ਅਤੇ ਉਹ ਆਪਣੇ ਏਜੰਟਾਂ ਰਾਹੀਂ ਇਹ ਮਾਮਲਾ ਲਮਕਾ ਕੇ ਵਪਾਰਕ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਨੂੰ ਵੀ ਕਿਸਾਨਾਂ ਦੇ ਵਡੇਰੇ ਹਿੱਤਾਂ ਵਿੱਚ ਅੜੀਅਲ ਰਵੱਈਆ ਤਿਆਗ ਦੇਣਾ ਚਾਹੀਦਾ ਹੈ।