ਸਰਬਜੀਤ ਸਿੰਘ ਭੱਟੀ
ਲਾਲੜੂ, 26 ਨਵੰਬਰ
ਕੇਂਦਰੀ ਖੇਤਰੀ ਕਾਨੂੰਨਾ ਦਾ ਵਿਰੋਧ ਕਰਨ ਲਈ ਦਿੱਲੀ ਜਾ ਰਹੇ ਕਿਸਾਨਾ ਦੀ ਅੱਜ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਝਰਮੜੀ ਨੇੜੇ ਹਰਿਆਣਾ ਦੀ ਸਰਹੱਦ ਪਾਰ ਕਰਨ ਸਮੇਂ ਹਰਿਆਣਾ ਪੁਲੀਸ ਨਾਲ ਕਾਫੀ ਜੱਦੋ-ਜਹਿਦ ਕਰਨੀ ਪਈ। ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡਾਂ ਨੇੜੇ ਜਦੋਂ ਕਿਸਾਨ ਤੇ ਨ ਨੌਜਵਾਨ ਪੁੱਜੇ ਤਾਂ ਹਰਿਆਣਾ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਅੜੇ ਰਹੇ। ਉਨ੍ਹਾਂ ਨੇ ਪਾਣੀ ਦੀ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਹਰਿਆਣਾ ਪੁਲੀਸ ਵਲੋਂ ਲਾਏ ਗਏ ਬੈਰੀਕੇਡ, ਲੋਹੇ ਦੀਆਂ ਸੰਗਲਾਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਸੜਕ ਵਿਚਕਾਰ ਖੜੇ ਭਾਰੀ ਵਾਹਨਾਂ ਨੂੰ ਹਟਾ ਕੇ ਦਿੱਲੀ ਜਾਣ ਦਾ ਰਸਤਾ ਬਣਾ ਲਿਆ। ਇਹ ਸੰਘਰਸ ਕਰੀਬ ਡੇਢ ਘੰਟੇ ਤੱਕ ਚੱਲਦਾ ਰਿਹਾ।
ਦੱਪਰ ਟੋਲ ਪਲਾਜ਼ਾ ਤੋਂ ਕਿਸਾਨਾ ਦਾ ਵੱਡਾ ਕਾਫਲਾ ਅੱਜ ਦੁਪਹਿਰ ਕਰੀਬ 12 ਵਜੇ ਰਵਾਨਾ ਹੋਇਆ, ਜਿਸ ਵਿੱਚ ਸੈਂਕੜੇ ਦੀ ਗਿਣਤੀ ਅੰਦਰ ਮੋਟਰਸਾਈਕਲ, ਕਾਰਾਂ ਅਤੇ ਟਰੈਕਟਰ-ਟਰਾਲੀਆ ਸ਼ਾਮਲ ਸਨ। ਕਿਸਾਨਾਂ ਨੇ ਆਪਣੀ ਰਾਸ਼ਨ ਸਮੱਗਰੀ ਵੀ ਨਾਲ ਰੱਖੀ ਹੋਈ ਸੀ, ਜਦੋਂ ਉਹ ਝਰਮੜੀ ਬੈਰੀਅਰ ’ਤੇ ਪੁੱਜੇ, ਉਥੇ ਕਿਸਾਨਾਂ ਦੇ ਦੋ ਧੜਿਆਂ ਵਲੋਂ ਵੱਖੋ-ਵੱਖਰੇ ਲੰਗਰ ਲਾਏ ਹੋਏ ਸਨ। ਲੰਗਰ ਛਕਣ ਬਾਅਦ ਕਿਸਾਨ ਤੇ ਨੌਜਵਾਨ ਜਦੋਂ ਹਰਿਆਣਾ ਬੈਰੀਅਰ ਵੱਲ ਵਧੇ ਤਾਂ ਪੁਲੀਸ ਨੇ ਸੀਲ ਕੀਤੇ ਬਾਰਡਰ ਤੋਂ ਦੂਜੇ ਪਾਸੇ ਖੜੀ ਕੀਤੀ ਗੱਡੀਆਂ ਤੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਸੁਰੂ ਕਰ ਦਿੱਤੇ। ਨੌਜਵਾਨ ਅੱਥਰੂ ਗੈਸ ਦੇ ਗੋਲਿਆਂ ਨੂੰ ਚੁੱਕ ਕੇ ਵਾਪਸ ਹਰਿਆਣਾ ਪੁਲੀਸ ’ਤੇ ਸੁੱਟਦੇ ਰਹੇ, ਪਾਣੀ ਨਾਲ ਗਿੱਲੀਆਂ ਕੀਤੀਆਂ ਬੋਰੀਆਂ ਅੱਥਰੂ ਗੈਸ ਦੇ ਗੋਲਿਆਂ ’ਤੇ ਪਾ ਕੇ ਉਨ੍ਹਾਂ ਦੇ ਅਸਰ ਨੂੰ ਕਮਜ਼ੋਰ ਕਰਦੇ ਰਹੇ। ਅੰਤ ਚ ਕਿਸਾਨਾ ਦੀ ਜਿੱਤ ਹੋਈ ਅਤੇ ਸੈਂਕੜੇ ਟਰੈਕਟਰ-ਟਰਾਲੀਆਂ ਦਾ ਕਾਫਲਾ ਝਰਮੜੀ ਬੈਰੀਅਰ ਰਾਹੀਂ ਦਿੱਲੀ ਨੂੰ ਰਵਾਨਾ ਹੋ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਮੀਤ-ਪ੍ਰਧਾਨ ਮੇਹਰ ਸਿੰਘ ਥੇੜੀ, ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਜਸਵੰਤ ਸਿੰਘ ਕੁਰਲੀ, ਕਰਮ ਸਿੰਘ ਬਰੌਲੀ, ਲੰਬੜਦਾਰ ਜਰਨੈਲ ਸਿੰਘ ਝਰਮੜੀ, ਭਜਨ ਸਿੰਘ ਮੀਰਪੁਰਾ, ਅਵਤਾਰ ਸਿੰਘ ਜੜੋਤ, ਬਲਕਾਰ ਸਿੰਘ ਬਸੌਲੀ, ਸਿਵਦੇਵ ਸਿੰਘ ਕੁਰਲੀ, ਜੱਥੇਦਾਰ ਅਮਰੀਕ ਸਿੰਘ ਮਲਕਪੁਰ, ਜਸਵਿੰਦਰ ਸਿੰਘ ਛਿੰਦਾ, ਐਡਵੋਕੇਟ ਜਸਪਾਲ ਸਿੰਘ ਦੱਪਰ, ਕਾਮਰੇਡ ਲਾਭ ਸਿੰਘ ਲਾਲੜੂ, ਪ੍ਰੇਮ ਸਿੰਘ ਰਾਣਾ, ਲਖਵਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ ਜਾਸਤਨਾ ਸਮੇਤ ਅਨੇਕਾ ਆਗੂ ਕਿਸਾਨਾ ਦੀ ਅਗਵਾਈ ਕਰ ਰਹੇ ਸਨ। ਹਲਕਾ ਵਿਧਾਇਕ ਐੱਨਕੇ ਸ਼ਰਮਾ, ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਉਦੇਵੀਰ ਸਿੰਘ ਢਿਲੋਂ, ਆਪ ਦੇ ਆਗੂ ਕੁਲਜੀਤ ਸਿੰਘ ਰੰਧਾਵਾ, ਨਵਜੋਤ ਸੈਣੀ, ਸਵੀਟੀ ਸ਼ਰਮਾ ਆਪੋ ਆਪਣੇ ਸਮਰਥਕਾ ਨੂੰ ਨਾਲ ਲੈ ਕੇ ਕਿਸਾਨਾ ਦੀ ਹਮਾਇਤ ਲਈ ਪੁੱਜੇ ਹੋਏ ਸਨ।
ਬੋਹਾ (ਨਿਰੰਜਣ ਬੋਹਾ): ਕਿਸਾਨ ਬੋਹਾ ਦੀ ਅਨਾਜ ਮੰਡੀ ਤੋ ਹਜ਼ਾਰਾਂ ਦੀ ਤਦਾਦ ਵਿਚ ਦਿੱਲੀ ਵੱਲ ਕੂਚ ਕਰਦਿਆਂ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਪੁਲੀਸ ਦੇ ਬੈਰੀਕੇਟ ਤੋੜਦਿਆਂ ਹਰਿਆਣਾ ਵਿੱਚ ਦਾਖ਼ਲ ਹੋ ਗਏ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਸਭਾ ਦੇ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਧਾਨ ਪਰਸੋਤਮ ਸਿੰਘ ਗਿੱਲ, ਬਲਾਕ ਪ੍ਧਾਨ ਜਸਕਰਨ ਸਿੰਘ, ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ, ਮੈਡੀਕਲ ਪੈ੍ਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਧਾਨ ਧੰਨਾ ਮੱਲ ਗੋਇਲ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਬਾਰਡਰ ਦੇ ਪਿੰਡ ਲੱਖੀਵਾਲ ਵਿਖੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।