ਐੱਸ.ਐੱਸ ਸੱਤੀ
ਮਸਤੂਆਣਾ ਸਾਹਿਬ, 10 ਜੁਲਾਈ
ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤਰਾਣਾ ਖੰਗੂੜਾ ਦੇ ਪਿੰਡ ਲੱਡਾ ਵਿੱਚ ਪਹੁੰਚਣ ’ਤੇ ਅੱਜ ਬਲਾਕ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਤਿੰਨ ਘੰਟੇ ਧਰਨਾ ਲਾਈ ਰੱਖਿਆ। ਉਧਰ ਗੁੱਸੇ ਵਿੱਚ ਆਈ ਵਿਧਾਇਕ ਦੀ ਪਤਨੀ ਨੇ ਵੀ ਕਿਸਾਨਾਂ ਦੇ ਬਰਾਬਰ ਧਰਨਾ ਆਰੰਭ ਦਿੱਤਾ। ਮਾਮਲਾ ਵਧਦਾ ਦੇਖ ਕੇ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਧਰਨੇ ’ਤੇ ਪਹੁੰਚ ਗਏ।
ਜਾਣਕਾਰੀ ਅਨੁਸਾਰ ਸਿਮਰਤਰਾਣਾ ਖੰਗੂੜਾ ਬੀਤੇ ਦਿਨ ਵਿਕਾਸ ਕਾਰਜਾਂ ਸਬੰਧੀ ਲੱਡਾ ਵਿੱਚ ਆਪਣੇ ਸਮਰਥਕਾਂ ਨੂੰ ਮਿਲਣ ਆਏ ਸਨ ਅਤੇ ਅੱਜ ਵੀ ਉਨ੍ਹਾਂ ਹੋਰ ਸਮਰਥਕਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਸੀ। ਜਿਉਂ ਹੀ ਕਿਸਾਨਾਂ ਨੂੰ ਬੀਬੀ ਖੰਗੂੜਾ ਦੇ ਪਿੰਡ ਆਉਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਗੁਰਦੇਵ ਸਿੰਘ ਲੱਡਾ, ਮਨਜੀਤ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਪਰਗਟ ਸਿੰਘ, ਜਸਪਾਲ ਸਿੰਘ ਪੇਧਨੀ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਛੇ-ਸੱਤ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਰਹੇ ਹਨ। ਇਸ ਕਰਕੇ ਉਨ੍ਹਾਂ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਿਸੇ ਵੀ ਸਿਆਸੀ ਆਗੂ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਹਿਤ ਬੀਬੀ ਖੰਗੂੜਾ ਦਾ ਅੱਜ ਵਿਰੋਧ ਕੀਤਾ ਗਿਆ।
ਦੂਜੇ ਪਾਸੇ ਆਪਣਾ ਵਿਰੋਧ ਵੇਖਦਿਆਂ ਬੀਬੀ ਖੰਗੂੜਾ ਨੇ ਵੀ ਪਿੰਡ ਦੇ ਕਾਂਗਰਸੀ ਸਮਰਥਕਾਂ ਨਾਲ ਉਨ੍ਹਾਂ ਦੇ ਬਰਾਬਰ ਹੀ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਤੋਂ ਬਾਹਰਲੇ ਕੁਝ ਵਿਅਕਤੀ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਹ ਖੁਦ ਕਿਸਾਨ ਪਰਿਵਾਰਾਂ ’ਚੋਂ ਹਨ ਅਤੇ ਗੋਲਡੀ ਖੰਗੂੜਾ ਨੇ ਤਾਂ ਧੂਰੀ ਤੋਂ ਦਿੱਲੀ ਤੱਕ ਕਿਸਾਨਾਂ ਦੇ ਹੱਕ ਵਿੱਚ ਪੈਦਲ ਪ੍ਰਦਰਸ਼ਨ ਵੀ ਕੀਤਾ ਸੀ ਪਰ ਇੱਥੇ ਕੁਝ ਲੋਕ ਉਨ੍ਹਾਂ ਨੂੰ ਕਿਸਾਨ ਵਿਰੋਧੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੇ। ਜੇ ਕਿਸਾਨ ਆਗੂਆਂ ਨੇ ਵਿਰੋਧ ਕਰਨਾ ਹੈ ਤਾਂ ਉਹ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦਾ ਕਰਨ।
ਮਾਮਲੇ ਦੀ ਗੰਭੀਰਤਾ ਵੇਖਦਿਆਂ ਹਲਕਾ ਧੂਰੀ ਦੇ ਵਿਧਾਇਕ ਗੋਲਡੀ ਖੰਗੂੜਾ ਵੀ ਧਰਨੇ ਵਿੱਚ ਆ ਗਏ। ਉਨ੍ਹਾਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਇਸ ਮਾਮਲੇ ਵਿੱਚ ਸਿਆਸੀ ਰੋਟੀਆਂ ਸੇਕ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ।