ਹਰਜੀਤ ਸਿੰਘ ਪਰਮਾਰ
ਬਟਾਲਾ, 23 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੂੰਜੀਪਤੀ ਘਰਾਣਿਆਂ ਖ਼ਿਲਾਫ਼ ਵੀ ਅੰਦੋਲਨ ਵਿੱਢ ਕੇ ਪੂੰਜੀਪਤੀਆਂ ਦੇ ਪ੍ਰਾਜੈਕਟਾਂ ਅਤੇ ਸੇਵਾਵਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿੱਚ ਬੀਤੇ ਦਿਨ ਜੀਓ ਨੈੱਟਵਰਕ ਕੰਪਨੀ ਦੇ ਇੱਕ ਟਾਵਰ ਨੂੰ ਬੰਦ ਕਰਵਾਉਣ ਮਗਰੋਂ ਅੱਜ ਕਿਸਾਨਾਂ ਨੇ ਨੇੜਲੇ ਪਿੰਡ ਰੇਲ ਵਾਲਾ ਛੀਨਾ ਵਿੱਚ ਅਡਾਨੀ ਗਰੁੱਪ ਦੇ ਦੱਸੇ ਜਾ ਰਹੇ ਸਾਇਲੋ ਪਲਾਂਟ ਦੇ ਬਾਹਰ ਇਕੱਠੇ ਹੋ ਕੇ ਇਸ ਗੈਰਕਾਨੂੰਨੀ ਦੱਸਦਿਆਂ ਇਸ ਦੀ ਉਸਾਰੀ ਬੰਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ ਅਤੇ ਗੋਦਾਮਾਂ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਤਦ ਤੱਕ ਕਾਰਪੋਰੇਟ ਘਰਾਣਿਆਂ ਦੇ ਕਿਸੇ ਵੀ ਕਾਰੋਬਾਰ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਪਿੰਡ ਰੇਲ ਵਾਲਾ ਛੀਨਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਸਾਇਲੋ ਪਲਾਂਟ ਲਗਾਇਆ ਜਾ ਰਿਹਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਇਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪਿੰਡ ਦੇ ਸਰਪੰਚ ਪੰਥਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਇਸ ਸਬੰਧੀ ਕੋਈ ਐੱਨਓਸੀ ਜਾਰੀ ਨਹੀਂ ਕੀਤੀ ਅਤੇ ਨਾ ਹੀ ਕੰਪਨੀ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਪੰਚਾਇਤ ਨਾਲ ਸੰਪਰਕ ਕੀਤਾ ਹੈ ਅਤੇ ਗੈਰਕਾਨੂੰਨੀ ਤਰੀਕੇ ਨਾਲ ਇਸ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ’ਤੇ ਸਿਆਸੀ ਅਤੇ ਪ੍ਰਬੰਧਕੀ ਦਬਾਅ ਵੀ ਪਾਏ ਗਏ ਪਰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਇਸ ਦੀ ਐੱਨਓਸੀ ਨਹੀਂ ਦਿੱਤੀ ਗਈ। ਇਸ ਮੌਕੇ ਗੁਰਵਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਛੀਨਾ, ਰਣਧੀਰ ਸਿੰਘ ਘੁੰਮਣ, ਗੁਰਨਾਮ ਸਿੰਘ ਸਤਕੋਹਾ, ਰਣਜੋਧ ਸਿੰਘ ਕੋਟਲਾ, ਹਰਦੇਵ ਸਿੰਘ ਘੁੰਮਣ, ਮਨਦੀਪ ਸਿੰਘ ਚਾਹਲ ਅਤੇ ਬਲਜੀਤ ਸਿੰਘ ਗਾਦੜੀਆਂ ਹਾਜ਼ਰ ਸਨ।