ਸ਼ਗਨ ਕਟਾਰੀਆ/ਧਰਮਪਾਲ ਸਿੰਘ ਤੂਰ
ਬਠਿੰਡਾ/ਸੰਗਤ ਮੰਡੀ, 20 ਜੂਨ
‘ਭਾਰਤ ਮਾਲਾ’ ਯੋਜਨਾ ਤਹਿਤ ਡੱਬਵਾਲੀ-ਬਠਿੰਡਾ ਦਰਮਿਆਨ ਬਣਨ ਵਾਲੀ ਸੜਕ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਜੁੜੇ ਕਿਸਾਨਾਂ ਨੇ ਰੋਕ ਦਿੱਤਾ। ਐਕੁਆਇਰ ਕੀਤੀ ਜ਼ਮੀਨ ਦੀ ਕੀਮਤ ਸਬੰਧੀ ਕਿਸਾਨ ਜਥੇਬੰਦੀ ਦਾ ਪ੍ਰਸ਼ਾਸਨ ਨਾਲ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਸੜਕ ਦਾ ਰੋਕਿਆ ਕੰਮ ਪ੍ਰਸ਼ਾਸਨ ਵੱਲੋਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਕੀਤਾ ਗਿਆ ਤਾਂ ਯੂਨੀਅਨ ਨਾਲ ਸਬੰਧਤ ਕਿਸਾਨਾਂ ਨੇ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਰੋਕੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ੁਰੂ ਕੀਤੇ ਕੰਮ ਨੂੰ ਫਿਲਹਾਲ ਰੋਕ ਦਿੱਤਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਨੁਸਾਰ ਭਾਰਤ ਸਰਕਾਰ ਵੱਲੋਂ ਗੁਜਰਾਤ ਤੋਂ ਅੰਮ੍ਰਿਤਸਰ ਤੱਕ ਬਣਨ ਵਾਲੀ ਇਹ ਸੜਕ 200 ਫੁੱਟ ਚੌੜੀ, 12 ਫੁੱਟ ਉੱਚੀ ਅਤੇ ਛੇ ਮਾਰਗੀ ਹੋਵੇਗੀ, ਜੋ ਵੱਡੀਆਂ ਕੰਪਨੀਆਂ ਦੀ ਵਪਾਰਕ ਵਰਤੋਂ ਲਈ ਬਣ ਰਹੀ ਹੈ। ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ, ਜਨਰਲ ਸਕੱਤਰ ਅਜੈ ਪਾਲ ਘੁੱਦਾ, ਜ਼ਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਦੋਸ਼ ਲਾਇਆ ਹੈ ਕਿ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਸਰਕਾਰ 24 ਲੱਖ ਰੁਪਏ ਦੇ ਰਹੀ ਹੈ, ਜੋ ਸਾਂਝੇ ਖਾਤਿਆਂ ’ਚ ਪਾਇਆ ਜਾ ਰਿਹਾ ਹੈ। ਇਸ ਕਾਰਨ ਜ਼ਮੀਨ ਦੇ ਅਸਲ ਮਾਲਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਜ਼ਮੀਨ ਦਾ ਰੇਟ ਵੀ ਆਮ ਜ਼ਮੀਨ ਜਿੰਨਾ ਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੰਪਨੀਆਂ ਦਾ ਪੱਖ ਪੂਰ ਕੇ ਧੱਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਜ਼ਮੀਨਾਂ ਵਾਲਿਆਂ ਨੂੰ ਲੰਘਣ ਅਤੇ ਸਿੰਜਾਈ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ। ਇਸ ਲਈ ਸਰਕਾਰ ਮੁਆਵਜ਼ੇ ਦੀ ਯੋਗ ਰਾਸ਼ੀ ਸਮੇਤ ਇਨ੍ਹਾਂ ਮਸਲਿਆਂ ਨੂੰ ਵੀ ਹੱਲ ਕਰੇ।
ਦੁਪਹਿਰ ਤੋਂ ਬਾਅਦ ਗਹਿਰੀ ਬੁੱਟਰ ਸੰਗਤ, ਜੱਸੀ ਬਾਗਵਾਲੀ, ਕੁਟੀ ਕਿਸ਼ਨਪੁਰਾ ਅਤੇ ਪਥਰਾਲਾ ਵਿੱਚ ਹੋਕਾ ਮਾਰਚ ਕਰ ਕੇ ਲੋਕਾਂ ਨੂੰ ਇਸ ਦੇ ਖ਼ਿਲਾਫ਼ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕਰ ਲਈ ਕੱਲ੍ਹ ਤੋਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਧਰਨੇ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆਂ, ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਕਾਲਾ ਸਿੰਘ ਚੱਠੇ ਵਾਲਾ, ਭੋਲਾ ਸਿੰਘ ਰਾਏਖਾਨਾ, ਭੋਲਾ ਸਿੰਘ ਸ਼ਾਮਲ ਸਨ।