ਸੰਜੀਵ ਤੇਜਪਾਲ
ਮੋਰਿੰਡਾ, 7 ਅਕਤੂਬਰ
ਇਥੋਂ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਈ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਮੰਡੀ ਵਿੱਚ ਸਫ਼ਾਈ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਭਾਰੀ ਘਾਟ ਨਜ਼ਰ ਆ ਰਹੀ ਹੈ। ਝੋਨੇ ਦੀ ਖਰੀਦ ਤੋਂ ਪਹਿਲਾਂ ਲੱਖਾਂ ਰੁਪਏ ਖਰਚ ਕੇ ਅਨਾਜ ਮੰਡੀ ਦੀ ਸਾਫ਼ ਸਫ਼ਾਈ, ਕਿਸਾਨਾਂ ਲਈ ਬਾਥਰੂਮ, ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਹੂਲਤ ਆਦਿ ਦੇਣ ਦੇ ਮਾਰਕੀਟ ਕਮੇਟੀ ਮੋਰਿੰਡਾ ਦੇ ਅਧਿਕਾਰੀਆਂ ਵੱਲੋਂ ਦਾਅਵੇ ਕੀਤੇ ਗਏ ਪਰ ਪੱਤਰਕਾਰਾਂ ਦੀ ਇਕ ਟੀਮ ਵੱਲੋਂ ਅਨਾਜ ਮੰਡੀ ਦਾ ਅੱਜ ਦੌਰਾ ਕਰਨ ਸਮੇਂ ਦੇਖਿਆ ਗਿਆ ਕਿ ਅਨਾਜ ਮੰਡੀ ਵਿੱਚ ਸਾਫ਼ ਸਫ਼ਾਈ ਦੀ ਕਾਫੀ ਘਾਟ ਹੈ, ਇਸੇ ਤਰ੍ਹਾਂ ਆਮ ਪਬਲਿਕ ਲਈ ਬਣਾਏ ਗਏ ਪਖਾਨੇ ਵੀ ਮੰਡੀ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਸਨ, ਜਦੋਂਕਿ ਬੰਦ ਪਈਆਂ ਪਾਣੀ ਦੀਆਂ ਟੂਟੀਆਂ ਕਿਸਾਨਾਂ ਦੇ ਪੀਣ ਵਾਲੇ ਪਾਣੀ ਲਈ ਕੀਤੇ ਦਾਅਵਿਆਂ ਤੇ ਵਾਅਦਿਆਂ ਨੂੰ ਮੂੰਹ ਚੜ੍ਹਾ ਰਹੀਆਂ ਸਨ।
ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ ਨੇ ਕਿਹਾ ਕਿ ਉਹ ਸਾਫ਼ ਸਫ਼ਾਈ ਅਤੇ ਬਾਥਰੂਮਾਂ ਦੇ ਬੰਦ ਹੋਣ ਬਾਰੇ ਸਬੰਧਤ ਕਰਮਚਾਰੀਆਂ ਦੀ ਜਵਾਬਤਲਬੀ ਕਰਨਗੇ।
ਵਿਧਾਇਕ ਵੱਲੋਂ ਤਸਿੰਬਲੀ ਤੇ ਜੜੌਤ ਮੰਡੀ ਦਾ ਦੌਰਾ
ਲਾਲੜੂ (ਪੱਤਰ ਪ੍ਰੇਰਕ): ਤਸਿੰਬਲੀ ਦੀ ਦਾਣਾ ਮੰਡੀ ਵਿੱਚ ਦੌਰੇ ਦੌਰਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੁੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਬੋਲੀ, ਭਰਾਈ ਤੇ ਲਿਫਟਿੰਗ ਵਿੱਚ ਪ੍ਰੇਸ਼ਾਨੀ ਨਾ ਆਵੇ। ਵਿਧਾਇਕ ਨੇ ਤਸਿੰਬਲੀ ਸਣੇ ਜੜੌਤ ਮੰਡੀ ਦਾ ਵੀ ਦੌਰਾ ਕੀਤਾ। ਸ੍ਰੀ ਰੰਧਾਵਾ ਨੇ ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਝੋਨੇ ਦੀ ਖਰੀਦ ਸਬੰਧੀ ਗੱਲਬਾਤ ਕਰਕੇ ਜਾਈਜ਼ਾ ਲਿਆ।