ਦਵਿੰਦਰ ਪਾਲ
ਚੰਡੀਗੜ੍ਹ, 21 ਸਤੰਬਰ
ਪੰਜਾਬ ’ਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੂਬੇ ਦੇ ਹਰ ਤਬਕੇ ਨਾਲ ਸਬੰਧਤ ਲੋਕਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਭਰ ਵਿੱਚ ਸਵਾ ਸੌ ਤੋਂ ਵੱਧ ਥਾਈਂ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਸੰਬੋਧਨ ਕਰਦਿਆਂ ਆਗੂਆਂ ਨੇ ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਸਬਜ਼ੀ ਵਿਕ੍ਰੇਤਾਵਾਂ, ਦੋਧੀਆਂ ਸਮੇਤ ਸਾਰੇ ਵਰਗਾਂ ਨੂੰ ‘ਭਾਰਤ ਬੰਦ’ ਸਫਲ ਬਣਾਉਣ ਦਾ ਸੱਦਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ 27 ਨੂੰ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਭਾਰਤ ਬੰਦ ਰੱਖਿਆ ਜਾਵੇਗਾ। ਇਸ ਅਰਸੇ ਦੌਰਾਨ ਹਰ ਤਰ੍ਹਾਂ ਦੀਆਂ ਸਰਵ-ਜਨਤਕ ਗਤੀਵਿਧੀਆਂ ਬੰਦ ਰਹਿਣਗੀਆਂ, ਜਿਸ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸਾਰੇ ਦਫਤਰ ਵੀ ਸ਼ਾਮਲ ਹਨ। ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸਾਂ ਤੇ ਫਾਇਰਬ੍ਰਿਗੇਡ ਜਿਹੀਆਂ ਐਮਰਜੰਸੀ ਸੇਵਾਵਾਂ ਨੂੰ ਛੋਟ ਹੋਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦੇ ਕਾਫਲੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਲਈ ਪਹੁੰਚ ਰਹੇ ਹਨ। ਲੋਕਾਂ ਨੂੰ ਸੰਘਰਸ਼ ਅਤੇ ਮੋਰਚੇ ਦੇ ਪ੍ਰੋਗਰਾਮਾਂ ਲਈ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਨੁੱੱਕੜ ਨਾਟਕਾਂ, ਮੀਟਿੰਗਾਂ ਅਤੇ ਮੋਟਰਸਾਈਕਲ ਮਾਰਚਾਂ ਦਾ ਦੌਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਸਮਝਦੇ ਹਨ ਕਿ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਸਮੇਤ ਪਰਾਲੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹਨ। ਇਹ ਸੰਘਰਸ਼ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਰਕੇ ਇਹ ਕਾਨੂੰਨ ਰੱਦ ਹੋਣੇ ਜ਼ਰੂਰੀ ਹਨ।
ਸੰਤ ਸਮਾਜ ਤੇ ਹੋਰ ਸੰਪਰਦਾਵਾਂ ਵੱਲੋਂ ਕਿਸਾਨਾਂ ਦੀ ਹਮਾਇਤ
ਪਟਿਆਲਾ (ਖੇਤਰੀ ਪ੍ਰਤੀਨਿਧ): ਸੰਤ ਸਮਾਜ ਜਥੇਬੰਦੀਆਂ ਅਤੇ ਲਗਪਗ ਸਮੂਹ ਸਿੱਖ ਸੰਪਰਦਾਵਾਂ ਵੀ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਮੋਰਚੇ ਦੀ ਹਮਾਇਤ ’ਚ ਆ ਗਈਆਂ ਹਨ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਸੰਤ ਮਹਾਪੁਰਸ਼ਾਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਦੀ ਅਗਵਾਈ ਹੇਠ ਹਜ਼ਾਰਾਂ ਸਿੱਖ ਸੰਗਤਾਂ 23 ਸਤੰਬਰ ਨੂੰ ਰਾਜਪੁਰਾ ਨੇੜਲੇ ਪਿੰਡ ਮਦਨਪੁਰ ਚਲਹੇੜੀ ਤੋਂ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰਨਗੀਆਂ। 24 ਸਤੰਬਰ ਨੂੰ ਸਮੂਹ ਸੰਤ ਮਹਾਪੁਰਸ਼ ਸਿੰਘੂ ਬਾਰਡਰ ਸਥਿਤ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਹਾਜ਼ਰੀ ਭਰਨਗੇ। ਬਾਬਾ ਗੁਰਦੀਪ ਸਿੰਘ ਕਾਲੀਕੰਬਲੀ ਵਾਲਿਆਂ ਨੇ ਦੱਸਿਆ ਕਿ ਚਲਹੇੜੀ ਵਿੱਚ ਪੁੱੱਜ ਰਹੇ ਸੰਤ ਸਮਾਜ ਦੇ ਸਵਾਗਤ ਲਈ ਪਟਿਆਲਾ ਖੇਤਰ ਦੇ ਸੰਤ ਸਮਾਜ ਅਤੇ ਸੰਪਰਦਾਵਾਂ ਦੀ ਇੱਕ ਮੀਟਿੰਗ ਅੱਜ ਇਥੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਦੇ ਅਸਥਾਨ ’ਤੇ ਹੋਈ, ਜਿਸ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸੰਤ ਨਛੱਤਰ ਸਿੰਘ ਕਾਲੀਕੰਬਲੀ ਵਾਲੇ, ਸੰਤ ਪ੍ਰੀਤਮ ਸਿੰਘ ਮਹਿਮਦਪੁਰ, ਸੰਤ ਬਲਵੀਰ ਸਿੰਘ ਪਿੰਗਲਵਾੜਾ, ਸੰਤ ਪ੍ਰਿਤਪਾਲ ਸਿੰਘ ਮਲੇਸ਼ੀਆ, ਸੰਤ ਲਾਭ ਸਿੰਘ ਡੇਰਾ ਬਾਬਾ ਚੰਦ ਰਾਜਪੁਰਾ, ਮਹੰਤ ਰਾਕੇਸ਼ਾ ਆਨੰਦ, ਸੰਤ ਸੁਖਦੇਵ ਸਿੰਘ ਨਾਨਕਸਰ ਪਟਿਆਲਾ, ਸੰਤ ਹਰਚਰਨ ਸਿੰਘ ਨਾਨਕਸਰ ਕੁਟੀਆ, ਬਾਬਾ ਅਮਰੀਕ ਸਿੰਘ ਬੋਹੜਪੁਰ, ਬਾਬਾ ਭੁਪਿੰਦਰ ਸਿੰਘ ਪਟਿਆਲਾ, ਬਾਬਾ ਅਜਮੇਰ ਸਿੰਘ ਅੰਗੀਠਾ ਸਾਹਿਬ ਵਾਲੇ, ਬਾਬਾ ਕਰਮਬੀਰ ਸਿੰਘ ਬੇਦੀ ਡੇਰਾ ਬਾਬਾ ਸ੍ਰੀ ਚੰਦ, ਬਾਬਾ ਜੈਮਲ ਸਿੰਘ ਪਟਿਆਲਾ, ਬਾਬਾ ਨੈਬ ਸਿੰਘ ਬਹਾਦਰਗੜ੍ਹ, ਬਾਬਾ ਤਰਵਿੰਦਰ ਸਿੰਘ ਮੋਹੀ, ਬਾਬਾ ਪਾਲ ਸਿੰਘ, ਬਾਬਾ ਗੁਰਜੰਟ ਸਿੰਘ ਮੰਡਵੀ, ਬਾਬਾ ਗੁਰਚਰਨ ਸਿੰਘ ਮਰਦਾਂਪੁਰ, ਬਾਬਾ ਭਗਵੰਤ ਸਿੰਘ, ਬਾਬਾ ਬੰਤ ਸਿੰਘ ਡੇਰਾ ਬਾਬਾ ਸ੍ਰੀ ਚੰਦ ਮਦਨਪੁਰ ਰਾਜਪੁਰਾ ਨੇ ਸ਼ਿਰਕਤ ਕੀਤੀ।
ਇਪਟਾ ਵੱਲੋਂ ਦੇਸ਼ ਭਰ ’ਚ ਪ੍ਰੋਗਰਾਮਾਂ ਦਾ ਐਲਾਨ
ਐਸ.ਏ.ਐਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ‘ਭਾਰਤ ਬੰਦ’ ਦੇ ਸੱਦੇ ਤਹਿਤ ਕਲਾਕਾਰਾਂ ਦੀ ਜਥੇਬੰਦੀ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇਸ਼ ਭਰ ਵਿੱਚ ਸ਼ਮੂਲੀਅਤ ਕਰੇਗੀ। ਇਪਟਾ ਕਾਰਕੁਨ ਨੁੱਕੜ-ਨਾਟਕਾਂ, ਕੋਰੀਓਗ੍ਰਾਫੀਆਂ, ਗੀਤਾਂ ਤੇ ਸ਼ਾਇਰੀ ਦੀਆਂ ਪੇਸ਼ਕਾਰੀਆਂ ਰਾਹੀਂ ਕਿਸਾਨ ਅੰਦੋਲਨ ਲਈ ਲਾਮਬੰਦੀ ਵੀ ਕਰਨਗੇ। ਇਪਟਾ ਦੇ ਕੌਮੀ ਜਨਰਲ ਸਕੱਤਰ ਰਾਕੇਸ਼ ਵੇਦਾ ਅਤੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਨੇ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਇਪਟਾ ਕਾਰਕੁਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਬਠਿੰਡਾ ਵਿੱਚ ਜੇਸੀ ਪਰਿੰਦਾ, ਮਾਨਸਾ ਵਿੱਚ ਮੇਘ ਰਾਜ ਰੱਲਾ, ਸੰਗਰੂਰ ਵਿੱਚ ਦਲਬਾਰਾ ਸਿੰਘ ਚੱਠਾ ਸੇਖਵਾਂ, ਪਟਿਆਲਾ ਵਿੱਚ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਵਿੱਚ ਨਰਿੰਦਰਪਾਲ ਨੀਨਾ, ਰੋਪੜ ਵਿੱਚ ਸੁਰਿੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅੰਮ੍ਰਿਤਸਰ ਵਿੱਚ ਬਲਬੀਰ ਮੁਦਲ, ਗੁਰਦਾਸਪੁਰ ਵਿੱਚ ਗੁਰਮੀਤ ਪਾਹੜਾ, ਕਪੂਰਥਲਾ ਵਿੱਚ ਡਾ. ਹਰਭਜਨ ਸਿੰਘ, ਲੁਧਿਆਣਾ ਵਿੱਚ ਪ੍ਰਦੀਪ ਸ਼ਰਮਾ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਵਿੱਚ ਪ੍ਰੋਫੈਸਰ ਗੁਰਪ੍ਰੀਤ ਸਿੰਘ, ਮੋਗਾ ਵਿੱਚ ਅਵਤਾਰ ਸਿੰਘ ਮੋਗਾ, ਜਲੰਧਰ ਵਿੱਚ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਵਿੱਚ ਪ੍ਰੋਫੈਸਰ ਅਸ਼ੋਕ ਪੁਰੀ, ਫਾਜ਼ਿਲਕਾ ਵਿੱਚ ਸੁਖਦੀਪ ਸਿੰਘ ਭੁੱਲਰ ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨਾਲ ਸ਼ਿਰਕਤ ਕਰਨਗੇ।