ਜੋਗਿੰਦਰ ਸਿੰਘ ਮਾਨ
ਮਾਨਸਾ, 14 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਇੱਥੇ ਕਿਸਾਨ ਕਾਰਕੁਨ ਪੁਲੀਸ ਵੱਲੋਂ ਲਾਈਆਂ ਸਾਰੀਆਂ ਰੋਕਾਂ ਤੋੜ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੜਨ ’ਚ ਕਾਮਯਾਬ ਹੋ ਗਏ। ਕਿਸਾਨਾਂ ਦੇ ਇਕੱਠ ਅੱਗੇ ਪੁਲੀਸ ਦੀ ਇੱਕ ਨਾ ਚੱਲੀ। ਕਿਸਾਨਾਂ ਨੂੰ ਅੱਗੇ ਵਧਦਿਆਂ ਦੇਖ ਬੇਸ਼ੱਕ ਪੁਲੀਸ ਨੇ ਗੇਟ ਬੰਦ ਕਰ ਲਿਆ ਪਰ ਧਰਨਾਕਾਰੀਆਂ ਨੇ ਗੇਟ ਟੱਪ ਕੇ ਪੁਲੀਸ ਦੇ ਸਾਰੇ ਨਾਕੇ ਤੋੜ ਦਿੱਤੇ ਅਤੇ ਪਾਰਕਿੰਗ ਵਿੱਚ ਜਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਗਰੋਂ ਕਿਸਾਨਾਂ ਦਾ ਧਰਨਾ ਸ਼ਾਂਤੀ ਨਾਲ ਚੱਲਦਾ ਰਿਹਾ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਖ਼ਿਲਾਫ਼ ਸ਼ਾਂਤੀ ਨਾਲ ਧਰਨਾ ਦੇਣਾ ਚਾਹੁੰਦੇ ਸਨ ਪਰ ਪੁਲੀਸ ਉਨ੍ਹਾਂ ਨੂੰ ਧੱਕੇ ਨਾਲ ਰੋਕ ਰਹੀ ਸੀ। ਕਿਸਾਨਾਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੜਨ ਤੋਂ ਬਾਅਦ ਪੁਲੀਸ ਅਧਿਕਾਰੀਆਂ ਦੀ ਕੋਈ ਵਾਹ ਪੇਸ਼ ਨਾ ਗਈ ਅਤੇ ਉਹ ਧਰਨੇ ਦੀ ਸਮਾਪਤੀ ਉਡੀਕਦੇ ਰਹੇ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਤੇ ਗਏ ਇਸ ਧਰਨੇ ਨੂੰ ਮਹਿੰਦਰ ਸਿੰਘ ਦਿਆਲਪੁਰਾ, ਮਲੂਕ ਸਿੰਘ ਹੀਰਕੇ, ਨਿਰਮਲ ਸਿੰਘ ਝੰਡੂਕੇ, ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਹਰਦੇਵ ਸਿੰਘ ਸੁਖਦਰਸ਼ਨ ਸਿੰਘ ਨੱਤ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਜਾਣਗੇ। ਜੇ ਉਨ੍ਹਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਉਹ ਤਿਆਰ ਹਨ।