ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 22 ਸਤੰਬਰ
ਪੀਏਯੂ ਵਿੱਚ ਕਰੋਨਾ ਕਰਕੇ ਦੋ ਸਾਲ ਬਾਅਦ ਲੱਗ ਰਹੇ ਦੋ ਰੋਜ਼ਾ ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ, ਜਦੋਂਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲਾ ਪੇਂਡੂ ਲੋਕਾਂ ਵਿੱਚ ਸੁਧਰੇ ਹੋਏ ਗਿਆਨ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਫਲਾਂ ਦੇ ਬੂਟੇ ਫਲ ਵਿਗਿਆਨ ਵਿਭਾਗ ਦੇ ਬਾਗਾਂ ਨੇੜੇ, ਫੁੱਲ ਗੇਟ ਨੰਬਰ-2 ਦੇ ਨੇੜਿਓਂ ਖਰੀਦੇ ਜਾ ਸਕਦੇ ਹਨ।
ਪਿਛਲੇ ਦੋ ਦਿਨਾਂ ਤੋਂ ਰੁੱਕ-ਰੁੱਕ ਕੇ ਪੈ ਰਿਹਾ ਮੀਂਹ ਕਿਸਾਨ ਮੇਲੇ ਦੀਆਂ ਰੌਣਕਾਂ ਘਟਾ ਸਕਦਾ ਹੈ। ਉਧਰ ਪੀਏਯੂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਕਾਰਨ ਕਿਤੇ ਕਿਤੇ ਛਿੱਟੇ ਪੈਣਾ ਦਾ ਅਨੁਮਾਨ ਹੈ।
ਦੂਜੇ ਪਾਸੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੋ ਰੋਜ਼ਾ ਪਸ਼ੂ ਪਾਲਣ ਮੇਲਾ 23 ਨੂੰ ਸ਼ੁਰੂ ਹੋ ਕੇ 24 ਸਤੰਬਰ ਤੱਕ ਚੱਲੇਗਾ। ਇਸ ਮੇਲੇ ਦਾ ਨਾਅਰਾ ‘ਵਿਗਿਆਨ ਦਾ ਫੜੋ ਲੜ, ਸਿਖਰਾਂ ’ਤੇ ਜਾਓ ਚੜ੍ਹ’ ਰੱਖਿਆ ਗਿਆ ਹੈ। ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੇਲੇ ਵਿੱਚ ਕਈ ਨਵੀਆਂ ਜਾਣਕਾਰੀਆਂ ਤੇ ਵੇਖਣਯੋਗ ਚੀਜਾਂ ਮਿਲਣਗੀਆਂ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਜਾਵਟੀ ਮੱਛੀਆਂ ਨੂੰ ਰੱਖਣ ਤੇ ਪਾਲਣ ਵਾਸਤੇ ਵਿਸ਼ੇਸ਼ ਕੰਮ ਕੀਤਾ ਹੈ, ਇਸ ਸਬੰਧੀ ਮੱਛੀਆਂ ਦੇ ਸ਼ੌਕੀਨ ਹੋਰ ਸੂਚਨਾਵਾਂ ਪ੍ਰਾਪਤ ਕਰ ਸਕਣਗੇ।