ਪਰਸ਼ੋਤਮ ਬੱਲੀ
ਬਰਨਾਲਾ, 1 ਜਨਵਰੀ
ਇੱਥੋਂ ਦੀ ਲੱਖੀ ਕਲੋਨੀ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਲਾਏ ਗਏ ਧਰਨੇ ਦੌਰਾਨ 28 ਦਸੰਬਰ ਨੂੰ ਸ਼ਹੀਦ ਹੋਏ ਕਿਸਾਨ ਸੁਖਦੇਵ ਸਿੰਘ ਗੁਰਮ (63) ਦਾ ਅੱਜ 5ਵੇਂ ਦਿਨ ਵੀ ਸਸਕਾਰ ਨਹੀਂ ਸਕਿਆ। ਇਸ ਦੌਰਾਨ ਪੀੜਤ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ ਤੇ ਬਲਾਕ ਆਗੂ ਕ੍ਰਿਸ਼ਨ ਛੰਨਾਂ ਨੇ ਦੱਸਿਆ ਕਿ ਮੁਆਵਜ਼ਾ ਅਤੇ ਹੋਰ ਮੰਗਾਂ ਸਬੰਧੀ ਉਹ 28 ਦਸੰਬਰ ਤੋਂ ਹੀ ਡੀਸੀ ਦਫ਼ਤਰ ਨਾਲ ਸੰਪਰਕ ਕਰ ਰਹੇ ਹਨ ਪਰ ਇਕ ਵਾਰ ਸਸਕਾਰ ਤੋਂ ਪਹਿਲਾਂ 5 ਲੱਖ ਰੁਪਏ ਦੇਣ ਦਾ ਜ਼ੁਬਾਨੀ ਭਰੋਸਾ ਦੇ ਕੇ ਹਾਲੇ ਤਕ ਉਹ ਵੀ ਨਹੀਂ ਸੌਂਪਿਆ ਗਿਆ| ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਤੇ ਕਰਜ਼ਾ ਮੁਆਫ਼ੀ ਦੀ ਮੰਗ ਦੀ ਪੂਰਤੀ ਤੋਂ ਬਿਨਾਂ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲ ੋਂ ਜ਼ਿਲ੍ਹੇ ਵਿੱਚ ਪਹਿਲਾਂ 5 ਥਾਵਾਂ ’ਤੇ ਧਰਨੇ ਚੱਲ ਰਹੇ ਸਨ ਅਤੇ ਅੱਜ ਛੇਵਾਂ ਮੋਰਚਾ ਸ਼ੁਰੂ ਹੋ ਗਿਆ ਹੈ|