ਪਾਲ ਸਿੰਘ ਨੌਲੀ
ਜਲੰਧਰ, 21 ਦਸੰਬਰ
ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਚੁਣੌਤੀ ਦੇਣ ਦੇ ਮਾਮਲੇ ’ਚ ‘ਅੰਦੋਲਨਕਾਰੀ (ਸੰਘਰਸ਼ਸ਼ੀਲ) ਕਿਸਾਨ’ ਵੱਲੋਂ ਦਿਖਾਈ ਗਈ ਦ੍ਰਿੜ੍ਹਤਾ ਨੂੰ ਸਾਲ 2020 ਦੀ ਸਭ ਤੋਂ ਅਹਿਮ ਸ਼ਖ਼ਸੀਅਤ (ਪਰਸਨ ਆਫ ਦਿ ਯੀਅਰ 2020) ਐਲਾਨਿਆ ਹੈ। ਇਥੇ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਭਵਿੱਖ, ਆਰਥਿਕਤਾ ਅਤੇ ਹੋਂਦ ਨੂੰ ਸੁਰੱਖਿਅਤ ਕਰਨ ਲਈ ਨਰਿੰਦਰ ਮੋਦੀ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਘੜੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇ ਕੇ ਦ੍ਰਿੜ੍ਹਤਾ, ਸੂਝ-ਬੂਝ ਅਤੇ ਨਿਡਰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ’ਤੇ ਮਾਣ ਕਰਦਿਆਂ ਦਲ ਖਾਲਸਾ ਸਮੇਤ ਸਿੱਖ ਫੈਡਰੇਸ਼ਨ ਯੂਕੇ, ਸਿੱਖ ਯੂਥ ਆਫ ਅਮਰੀਕਾ, ਸਿੱਖ ਯੂਥ ਆਫ ਪੰਜਾਬ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ‘ਸੰਘਰਸ਼ੀਲ ਕਿਸਾਨ’ ਨੂੰ ਸਾਲ 2020 ਦਾ ਸਭ ਤੋਂ ਅਹਿਮ ਸ਼ਖ਼ਸੀਅਤ ਐਲਾਨਦੀਆਂ ਹਨ। ਦਲ ਖਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਨੇ ਇਸ ਸਬੰਧੀ ਪੋਸਟਰ ਵੀ ਜਾਰੀ ਕੀਤਾ। ਇਸ ਮਗਰੋਂ ਜਥੇਬੰਦੀਆਂ ਦੇ ਆਗੂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋ ਗਏ।