ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੁਲਾਈ
ਨੇੜਲੇ ਪਿੰਡ ਈਲਵਾਲ ਦੇ ਕਿਸਾਨ ਨੇ ਖੇਤੀ ਵਿਚ ਪਏ ਘਾਟੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਕਿਸਾਨ ਠੇਕੇ ’ਤੇ ਲਈ ਜ਼ਮੀਨ ਵਿਚ ਸਿੱਧੀ ਬਿਜਾਈ ਵਾਲਾ ਝੋਨਾ ਵਧੀਆ ਨਾ ਹੋਣ ਅਤੇ ਖੇਤ ਪਾਣੀ ਵਿਚ ਡੁੱਬ ਜਾਣ ਕਾਰਨ ਪ੍ਰੇਸ਼ਾਨ ਸੀ। ਭਾਕਿਯੂ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਪ੍ਰਧਾਨ ਲੀਲਾ ਸਿੰਘ ਨੇ ਦੱਸਿਆ ਨੇ ਕਿਹਾ ਕਿ ਕਿਸਾਨ ਅਵਤਾਰ ਸਿੰਘ (55) ਕੋਲ ਆਪਣੀ ਕਰੀਬ ਅੱਠ ਕੁ ਬਿਘੇ ਜ਼ਮੀਨ ਹੈ, ਪਰੰਤੂ ਉਹ ਪਿੰਡ ਹਰਕਿਸ਼ਨਪੁਰਾ ਵਿੱਚ ਕਰੀਬ 100 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਨੇ ਇਸ ਵਾਰ ਵੱਧ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਜੋ ਵਧੀਆ ਨਹੀਂ ਹੋਈ। ਇਸ ਤੋਂ ਇਲਾਵਾ ਕਰੀਬ 15/20 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਸੀ। ਇਸ ਦੇ ਨਾਲ ਹੀ ਉਸ ਨੇ ਠੇਕੇ ਦੀ ਰਕਮ ਦੀ ਅਦਾਇਗੀ ਲਈ ਕਾਫ਼ੀ ਪੈਸਾ ਉਧਾਰ ਲਿਆ ਹੋਇਆ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਪਿੰਡ ਸ਼ਾਹਪੁਰ ਵਿੱਚ ਨਵਵਿਆਹੁਤਾ ਨੇ ਫਾਹਾ ਲਿਆ
ਗੁਰੂਸਰ ਸੁਧਾਰ(ਸੰਤੋਖ ਗਿੱਲ): ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੀ ਨਵਵਿਆਹੁਤਾ ਪਵਨਦੀਪ ਕੌਰ(21) ਨੇ ਭੇਤਭਰੀ ਹਾਲਤ ਵਿਚ ਆਪਣੇ ਸਹੁਰੇ ਘਰ ਦੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸੁਧਾਰ ਪੁਲੀਸ ਲਈ ਇਹ ਮਾਮਲਾ ਹਾਲੇ ਤੱਕ ਬੁਝਾਰਤ ਬਣਿਆ ਹੋਇਆ ਹੈ। ਦੇਰ ਸ਼ਾਮ ਤੱਕ ਨਾ ਪੁਲੀਸ ਨੇ ਕੇਸ ਦਰਜ ਕੀਤਾ ਤੇ ਨਾ ਹੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ।